#PUNJAB

‘ਆਪ’ ਪੰਜਾਬ ਵਿੱਚ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਲੜੇਗੀ ਚੋਣ

ਲੁਧਿਆਣਾ/ਖੰਨਾ, 11 ਫਰਵਰੀ (ਪੰਜਾਬ ਮੇਲ)- ਸੂਬੇ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਮਰਾਲਾ ਵਿੱਚ ਰੈਲੀ ਤੋਂ ਪਹਿਲਾਂ ਅੱਜ ਖੰਨਾ ਵਿੱਚ ਘਰ-ਘਰ ਮੁਫ਼ਤ ਰਾਸ਼ਨ ਯੋਜਨਾ ਦੀ ਸ਼ੁਰੂਆਤ ਕਰਨ ਲਈ ਪੁੱਜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਇੰਡੀਆ’ ਗੱਠਜੋੜ ਨੂੰ ਵੱਡਾ ਝਟਕਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਨੇਤਾ ਨੇ ਇੰਡੀਆ ਗੱਠਜੋੜ ਤੋਂ ਵੱਖ ਹੋ ਕੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਲੋਕ ਸਭਾ ਚੋਣਾਂ ਇਕੱਲੇ ਲੜਨ ਦਾ ਐਲਾਨ ਕਰ ਦਿੱਤਾ।

‘ਆਪ’ ਸੁਪਰੀਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੇ ਤੌਰ ’ਤੇ ਐਲਾਨ ਕੀਤਾ ਕਿ ਚੰਡੀਗੜ੍ਹ ਦੀ ਲੋਕ ਸਭਾ ਸੀਟ ’ਤੇ ਵੀ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਉਤਾਰੇਗੀ। ਉਨ੍ਹਾਂ ਦੇ ਇਸ ਐਲਾਨ ਮਗਰੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਮਗਰੋਂ ਹੁਣ ਆਮ ਆਦਮੀ ਪਾਰਟੀ ਨੇ ਵੀ ਇੰਡੀਆ ਗੱਠਜੋੜ ਨਾਲੋਂ ਨਾਤਾ ਤੋੜ ਲਿਆ ਹੈ। ਪੰਜਾਬ ਦੇ ਸਮਰਾਲਾ ’ਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਪਹਿਲੀ ਸੂਬਾ ਪੱਧਰੀ ਕਨਵੈਨਸ਼ਨ ਤੋਂ ਇੱਕ ਦਿਨ ਪਹਿਲਾਂ ਹੀ ‘ਆਪ’ ਵੱਲੋਂ ਇਕੱਲਿਆਂ ਚੋਣਾਂ ਲੜਨ ਦੇ ਕੀਤੇ ਐਲਾਨ ਮਗਰੋਂ ਹੁਣ ਕਾਂਗਰਸ ਦੇ ਸਮੀਕਰਨ ਪੂਰੀ ਤਰ੍ਹਾਂ ਬਦਲ ਜਾਣਗੇ। ਰਾਜਸੀ ਹਲਕਿਆਂ  ਵਿੱਚ ਇਹ ਵੀ ਚਰਚਾ ਹੈ ਕਿ ਹੁਣ ਦਿੱਲੀ ’ਚ ਵੀ ਆਮ ਆਦਮੀ ਪਾਰਟੀ ਇਕੱਲਿਆਂ ਚੋਣਾਂ ਲੜੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਖੰਨਾ ਵਿੱਚ ਘਰ-ਘਰ ਰਾਸ਼ਨ ਵੰਡ ਸਮਾਰੋਹ ਨੂੰ ਸੰਬਧੋਨ ਕਰਦਿਆਂ ਐਲਾਨ ਕੀਤਾ ਕਿ ਉਹ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਇਕੱਲਿਆਂ ਚੋਣਾਂ ਲੜਨਗੇ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਚੰਡੀਗੜ੍ਹ ’ਚ ਵੀ ਆਪਣਾ ਉਮੀਦਵਾਰ ਉਤਾਰੇਗੀ ਅਤੇ ਇਨ੍ਹਾਂ 14 ਸੀਟਾਂ ’ਤੇ ‘ਆਪ’ ਫਿਰ ਤੋਂ ਇਤਿਹਾਸ ਦੁਹਾਰੇਗੀ। ਕੇਜਰੀਵਾਲ ਨੇ ਕਿਹਾ ਕਿ ਉਹ 15 ਦਿਨ ਦੇ ਅੰਦਰ-ਅੰਦਰ ਉਮੀਦਵਾਰਾਂ ਦੇ ਨਾਂ ਐਲਾਨ ਦੇਣਗੇ।