#PUNJAB

‘ਆਪ’ ਪੰਜਾਬ ‘ਚ ਆਪਣੇ ਦਮ ‘ਤੇ Election ਲੜਨ ਲਈ ਤਿਆਰ

-ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਲੀਡਰਸ਼ਿਪ ਨੂੰ ਸੂਬੇ ਦੇ ਸਿਆਸੀ ਮਾਹੌਲ ਤੋਂ ਜਾਣੂ ਕਰਵਾਇਆ
ਚੰਡੀਗੜ੍ਹ, 21 ਦਸੰਬਰ (ਪੰਜਾਬ ਮੇਲ)-ਪੰਜਾਬ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਗੱਠਜੋੜ ਹੋਣ ਦੇ ਆਸਾਰ ਮੱਠੇ ਪੈ ਗਏ ਹਨ। ‘ਇੰਡੀਆ’ ਗੱਠਜੋੜ ਦੀ ਬੀਤੇ ਦਿਨੀਂ ਦਿੱਲੀ ਵਿਚ ਹੋਈ ਮੀਟਿੰਗ ‘ਚ 31 ਦਸੰਬਰ ਤੱਕ ਸੀਟਾਂ ਦੇ ਵੰਡ ਨੂੰ ਲੈ ਕੇ ਰਣਨੀਤੀ ਵਿਉਂਤੇ ਜਾਣ ਦੀ ਗੱਲ ਤੁਰੀ ਸੀ, ਜਿਸ ਤੋਂ ਪੰਜਾਬ ਵਿਚ ‘ਆਪ’ ਤੇ ਕਾਂਗਰਸ ‘ਚ ਸਿਆਸੀ ਗੱਠਜੋੜ ਹੋਣ ਦੇ ਆਸਾਰ ਜਾਪਦੇ ਸਨ। ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਇਕੱਲੇ ਚੋਣ ਲੜ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਲੀਡਰਸ਼ਿਪ ਨੂੰ ਪੰਜਾਬ ਦੇ ਸਿਆਸੀ ਮਾਹੌਲ ਤੋਂ ਜਾਣੂ ਕਰਵਾਉਂਦਿਆਂ ‘ਆਪ’ ਦੇ ਇਕੱਲੇ ਚੋਣ ਮੈਦਾਨ ਵਿਚ ਉੱਤਰਨ ਦੇ ਆਪਣੇ ਪੈਂਤੜੇ ਬਾਰੇ ਵੀ ਦੱਸ ਦਿੱਤਾ ਹੈ। ਉਧਰ ਹਰਿਆਣਾ ਵਿਚ ‘ਆਪ’ ਖ਼ੁਦ ਉੱਤਰਨ ਦੀ ਥਾਂ ਕਾਂਗਰਸ ਨੂੰ ਸਾਰੀਆਂ ਸੀਟਾਂ ਛੱਡਣ ਦੀ ਪੇਸ਼ਕਸ਼ ਕਰ ਸਕਦੀ ਹੈ।
ਹਰਿਆਣਾ ਵਿਚ ‘ਆਪ’ ਦੋ ਲੋਕ ਸਭਾ ਸੀਟਾਂ ਕੁਰੂਕਸ਼ੇਤਰ ਅਤੇ ਹਿਸਾਰ ਤੋਂ ਚੋਣ ਲੜਨਾ ਚਾਹੁੰਦੀ ਸੀ, ਪਰ ਸੀਟਾਂ ਦੀ ਵੰਡ ਤਹਿਤ ਪਾਰਟੀ ਹੁਣ ਕਾਂਗਰਸ ਲਈ ਸਮੁੱਚਾ ਹਰਿਆਣਾ ਅਤੇ ਦਿੱਲੀ ਵਿਚ ਤਿੰਨ ਸੀਟਾਂ ਛੱਡ ਸਕਦੀ ਹੈ। ‘ਆਪ’ ਵੱਲੋਂ ਗੁਜਰਾਤ ਵਿਚ ਵੀ ਇਕ ਸੀਟ ‘ਤੇ ਦਾਅਵੇਦਾਰੀ ਜਤਾਈ ਗਈ ਹੈ।
ਸੂਤਰ ਦੱਸਦੇ ਹਨ ਕਿ ‘ਆਪ’ ਲਈ ਦਿੱਲੀ ਤੇ ਪੰਜਾਬ ਸਭ ਤੋਂ ਅਹਿਮ ਹਨ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪਿਛਲੇ ਦਿਨੀਂ ਮੌੜ ਮੰਡੀ ਵਿਚ ਜਨਤਕ ਤੌਰ ‘ਤੇ ਪੰਜਾਬ ਦੀਆਂ 13 ਸੀਟਾਂ ‘ਆਪ’ ਦੀ ਝੋਲੀ ਪਾਉਣ ਦੀ ਅਪੀਲ ਕੀਤੀ ਸੀ, ਜੋ ਇਸ ਗੱਲ ਦਾ ਇਸ਼ਾਰਾ ਸੀ ਕਿ ‘ਆਪ’ ਪੰਜਾਬ ਵਿਚ ਆਪਣੇ ਦਮ ‘ਤੇ ਲੋਕ ਸਭਾ ਚੋਣਾਂ ਲੜਨ ਦੀ ਇੱਛੁਕ ਹੈ। ਉਧਰ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਵੀ ‘ਆਪ’ ਨਾਲ ਕੋਈ ਗੱਠਜੋੜ ਨਾ ਕਰਨ ਦੀ ਗੱਲ ਆਖ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ‘ਆਪ’ ਤੇ ਕਾਂਗਰਸ ਦਰਮਿਆਨ ਗੱਠਜੋੜ ਨੂੰ ਲੈ ਕੇ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ। ਵੜਿੰਗ ਨੇ ਕਿਹਾ ਕਿ ਹਾਈਕਮਾਨ ਨੇ ਪੰਜਾਬ ਕਾਂਗਰਸ ਨੂੰ 13 ਸੀਟਾਂ ‘ਤੇ ਤਿਆਰੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਗੱਠਜੋੜ ਤੇ ਸੀਟਾਂ ਆਦਿ ਦੀ ਵੰਡ ਬਾਰੇ ਫੈਸਲਾ ਪਾਰਟੀ ਹਾਈਕਮਾਨ ਨੇ ਲੈਣਾ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਆਖ ਚੁੱਕੇ ਹਨ ਕਿ ਕਾਂਗਰਸ 13 ਸੀਟਾਂ ‘ਤੇ ਆਪਣੇ ਤੌਰ ‘ਤੇ ਚੋਣ ਲੜੇਗੀ। ਸਾਬਕਾ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਵੀ ਪੰਜਾਬ ਵਿਚ ‘ਆਪ’ ਨਾਲ ਗੱਠਜੋੜ ਦਾ ਵਿਰੋਧ ਜਤਾ ਚੁੱਕੇ ਹਨ। ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਵੇ ਵੀ ਕਰਵਾਏ ਹਨ, ਜਿਨ੍ਹਾਂ ਦੇ ਆਧਾਰ ‘ਤੇ ‘ਆਪ’ ਕਿਸੇ ਨਾਲ ਗੱਠਜੋੜ ਦੇ ਰੌਂਅ ਵਿਚ ਨਹੀਂ ਹੈ। ਹਾਲਾਂਕਿ ਕਾਂਗਰਸ ਦੇ ਕਈ ਸੰਸਦ ਮੈਂਬਰ, ਜਿਨ੍ਹਾਂ ਨੂੰ ਆਪਣਾ ਭਵਿੱਖ ਹਵਾ ‘ਚ ਲਟਕਦਾ ਨਜ਼ਰ ਆ ਰਿਹਾ ਹੈ, ‘ਆਪ’ ਨਾਲ ਸਿਆਸੀ ਗੱਠਜੋੜ ਕਰਨ ਬਾਰੇ ਤਰਲੋਮੱਛੀ ਹਨ। ‘ਆਪ’ ਸਰਕਾਰ ਇਸ ਗੱਲੋਂ ਵੀ ਖ਼ਫ਼ਾ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਪੰਜਾਬ ਵਿਚ ਸਰਕਾਰ ਖ਼ਿਲਾਫ਼ ਧਰਨਿਆਂ ਮੁਜ਼ਾਹਰਿਆਂ ਦੇ ਰਾਹ ਪਈ ਹੋਈ ਹੈ। ਕਾਂਗਰਸ ਦੀ ਸੂਬਾਈ ਲੀਡਰਸ਼ਿਪ ਇਹੋ ਤਰਕ ਦੇ ਰਹੀ ਹੈ ਕਿ ‘ਆਪ’ ਸਰਕਾਰ ਵੱਲੋਂ ਕਾਂਗਰਸੀ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਹਾਈਕਮਾਨ ਦਾ ਫ਼ੈਸਲਾ ਮੰਨਾਂਗੇ : ਕੰਗ
‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਸਮੇਤ 14 ਸੀਟਾਂ ‘ਤੇ ਚੋਣਾਂ ਲੜਨ ਦੀ ਪੂਰੀ ਤਿਆਰੀ ਹੈ। ‘ਆਪ’ ਕੌਮੀ ਪੱਧਰ ‘ਤੇ ‘ਇੰਡੀਆ’ ਬਲਾਕ ਦਾ ਹਿੱਸਾ ਹੈ ਅਤੇ ਪੰਜਾਬ ਬਾਰੇ ਆਖ਼ਰੀ ਫ਼ੈਸਲਾ ‘ਆਪ’ ਦੀ ਕੌਮੀ ਲੀਡਰਸ਼ਿਪ ਨੇ ਕਰਨਾ ਹੈ। ਹਾਈਕਮਾਨ ਦਾ ਜੋ ਵੀ ਫ਼ੈਸਲਾ ਹੋਵੇਗਾ, ਉਸ ਦੀ ਪਾਲਣਾ ਕੀਤੀ ਜਾਵੇਗੀ।