#PUNJAB

‘ਆਪ’ ਆਗੂ ਦੀ ਕੁੱਟਮਾਰ ਦੇ ਦੋਸ਼ ਹੇਠ ਕਾਂਗਰਸੀ ਸਰਪੰਚ ਸਮੇਤ 57 ਨਾਮਜ਼ਦ

ਤਰਨ ਤਾਰਨ, 8 ਨਵੰਬਰ (ਪੰਜਾਬ ਮੇਲ)- ਝਬਾਲ ਪੁਲਿਸ ਨੇ ਕਾਂਗਰਸ ਪਾਰਟੀ ਨਾਲ ਸਬੰਧਤ ਇਲਾਕੇ ਦੇ ਪਿੰਡ ਜਗਤਪੁਰ ਦੇ ਸਰਪੰਚ ਅਤੇ ਉਸ ਦੇ ਸਮਰਥਕਾਂ ਖ਼ਿਲਾਫ਼ ਲਗਪਗ ਆਮ ਆਦਮੀ ਪਾਰਟੀ ਦੇ ਆਗੂ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਕੱਤਰ ਜਾਣਕਾਰੀ ਅਨੁਸਾਰ ਮੁਲਜ਼ਮਾਂ ਵਿੱਚ ਪਿੰਡ ਦਾ ਸਰਪੰਚ ਗੁਰਪਾਲ ਸਿੰਘ, ਉਸ ਦਾ ਲੜਕਾ ਜਸਕਰਨ ਸਿੰਘ, ਦਲਬੀਰ ਸਿੰਘ, ਕਾਬਲ ਸਿੰਘ, ਸਵਿੰਦਰ ਸਿੰਘ, ਗੁਰਦੀਪ ਸਿੰਘ, ਦਰਸ਼ਨ ਸਿੰਘ ਅਤੇ 50 ਅਣਪਛਾਤੇ ਵਿਅਕਤੀ ਸ਼ਾਮਲ ਹਨ। ਪਿੰਡ ਜਗਤਪੁਰ ਦੇ ਵਸਨੀਕ ‘ਆਪ’ ਆਗੂ ਚਰਨਜੀਤ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਸਰਪੰਚ ਗੁਰਪਾਲ ਸਿੰਘ ਖ਼ਿਲਾਫ਼ ਪੰਚਾਇਤੀ ਫੰਡਾਂ ਵਿਚ ਕਥਿਤ ਧਾਂਦਲੀਆਂ ਦੀ ਜਾਂਚ ਕਰਵਾਈ ਸੀ।
ਇਸ ਤੋਂ ਖਿੱਝ ਕੇ ਗੁਰਪਾਲ ਸਿੰਘ ਅਤੇ ਉਸ ਦੇ ਸਮਰਥਕਾਂ ਨੇ ਉਸ ਨੂੰ ਰਾਹ ਵਿਚ ਘੇਰ ਕੇ ਉਸ ਦੀ ਕੁੱਟਮਾਰ ਕੀਤੀ। ਇਸ ਮਾਮਲੇ ਦੇ ਜਾਂਚ ਅਧਿਕਾਰੀ ਨੇ ਸਰਪੰਚ ਖ਼ਿਲਾਫ਼ ਤਕਰੀਬਨ ਇਕ ਹਫਤਾ ਬਾਅਦ ਕੇਸ ਦਰਜ ਕਰਨ ਦਾ ਕੋਈ ਠੋਸ ਕਾਰਨ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਸਭ ਕੁਝ ਥਾਣੇ ਦੇ ਐੱਸ.ਐੱਚ.ਓ. ਹੀ ਦੱਸ ਸਕਦੇ ਹਨ। ਉਧਰ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਹਾਕਮ ਧਿਰ ਵੱਲੋਂ ਲੋਕਾਂ ਨੂੰ ‘ਆਪ’ ਵਿਚ ਸ਼ਾਮਲ ਕਰਵਾਉਣ ਦਾ ਦਬਾਅ ਪਾਉਣ ਲਈ ਅਜਿਹਾ ਕੀਤਾ ਗਿਆ ਹੈ। ਪੁਲਿਸ ਨੇ ਚਰਨਜੀਤ ਸਿੰਘ ਦੀ ਕੁੱਟਮਾਰ ਦੇ ਮਾਮਲੇ ਵਿਚ ਆਈ.ਪੀ.ਸੀ. ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।