#PUNJAB

ਆਪ੍ਰੇਸ਼ਨ ਸੰਧੂਰ: ਭਾਰਤ ਵੱਲੋਂ ਪਾਕਿ ਦੇ ਪ੍ਰਮੁੱਖ ਪ੍ਰਮਾਣੂ ਭੰਡਾਰ ਕਿਰਾਨਾ ਹਿੱਲਸ ‘ਤੇ ਕੀਤਾ ਗਿਆ ਸੀ ਹਮਲਾ

ਅੰਮ੍ਰਿਤਸਰ, 19 ਫਰਵਰੀ (ਪੰਜਾਬ ਮੇਲ)- ਪਿਛਲੇ ਸਾਲ ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਸੰਧੂਰ’ ਬਾਰੇ ਮਸ਼ਹੂਰ ਆਸਟ੍ਰੇਲੀਆਈ ਹਵਾਬਾਜ਼ੀ ਮਾਹਿਰ ਟੌਮ ਕੂਪਰ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਭਾਰਤ ਨੇ ਪਾਕਿ ਦੇ ਸਰਗੋਧਾ ਦੀ ਕਿਰਾਨਾ ਹਿਲਸ ‘ਚ ਪ੍ਰਮੁੱਖ ਪ੍ਰਮਾਣੂ ਭੰਡਾਰਨ ਸਥਾਨ ‘ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਹੀ ਪਾਕਿ ਨੇ ਜੰਗਬੰਦੀ ਦੀਆਂ ਮਿੰਨਤਾਂ ਕਰਨੀਆਂ ਸ਼ੁਰੂ ਕੀਤੀਆਂ। ਹਾਲਾਂਕਿ, ਟੌਮ ਕੂਪਰ ਨੇ ਹੈਰਾਨੀ ਵੀ ਪ੍ਰਗਟ ਕੀਤੀ ਕਿ ਭਾਰਤੀ ਹਵਾਈ ਫੌਜ ਨੇ ਅਧਿਕਾਰਤ ਤੌਰ ‘ਤੇ ਅਜਿਹੇ ਹਮਲੇ ਤੋਂ ਇਨਕਾਰ ਕਿਉਂ ਕੀਤਾ। ਉਨ੍ਹਾਂ ਅਨੁਸਾਰ ਸਬੂਤ ਇੰਨੇ ਸਪੱਸ਼ਟ ਹਨ ਕਿ ਇਨ੍ਹਾਂ ਤੋਂ ਇਨਕਾਰ ਕਰਨਾ ਸੂਰਜ ਚੜ੍ਹਨ ਤੋਂ ਇਨਕਾਰ ਕਰਨ ਵਾਂਗ ਹੈ ਤੇ ਉਨ੍ਹਾਂ ਕੋਲ ਇਸ ਦੇ ਠੋਸ ਸਬੂਤ ਹਨ। ਕੂਪਰ ਅਨੁਸਾਰ ਭਾਰਤੀ ਹਵਾਈ ਫੌਜ ਨੇ ਪਾਕਿ ਦੇ ਕਿਰਾਨਾ ਹਿਲਸ ਨੂੰ ਨਿਸ਼ਾਨਾ ਬਣਾਇਆ, ਜੋ ਕਿ ਪਾਕਿਸਤਾਨ ਦੇ ਪ੍ਰਮਾਣੂ ਪ੍ਰੋਗਰਾਮ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਤੋਂ ਬਾਅਦ ਪਾਕਿ ਦੀ ਸਥਿਤੀ ਕਾਫ਼ੀ ਕਮਜ਼ੋਰ ਹੋ ਗਈ। ਨਤੀਜੇ ਵਜੋਂ ਪਾਕਿ ਨੇ ਟਕਰਾਅ ਰੋਕਣ ਦੀ ਕੋਸ਼ਿਸ਼ ਕਰਨ ਲਈ ਅਮਰੀਕਾ ਤੇ ਭਾਰਤ ਨਾਲ ਸੰਪਰਕ ਕੀਤਾ। ਕੂਪਰ ਅਨੁਸਾਰ ਇਹ ਹਮਲਾ ਇਕ ਸਪੱਸ਼ਟ ਸੰਦੇਸ਼ ਸੀ ਕਿ ਭਾਰਤ ਕਿਤੇ ਵੀ ਤੇ ਜਦੋਂ ਚਾਹੇ ਹਮਲਾ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਨਾਗਰਿਕਾਂ ਦੁਆਰਾ ਬਣਾਏ ਗਏ ਵੀਡੀਓਜ਼ ‘ਚ ਪਹਾੜੀਆਂ ਵੱਲ ਜਾਂਦੇ ਮਿਜ਼ਾਈਲਾਂ ਦੇ ਨਿਸ਼ਾਨ (ਕਾਂਟਰੇਲ) ਸਾਫ਼ ਵਿਖਾਈ ਦਿੰਦੇ ਸਨ। ਇਸ ਤੋਂ ਇਲਾਵਾ ਉੱਥੇ ਰਡਾਰ ਸਟੇਸ਼ਨ ਤੋਂ ਉੱਠਦਾ ਧੂੰਆਂ ਵੀ ਹਮਲੇ ਵੱਲ ਇਸ਼ਾਰਾ ਕਰਦਾ ਸੀ। ਕੂਪਰ ਅਨੁਸਾਰ ਭਾਰਤ ਨੇ ਪਹਿਲਾਂ ਪਾਕਿ ਦੇ ਰਡਾਰ ਸਿਸਟਮ ਨੂੰ ਨਿਸ਼ਾਨਾ ਬਣਾਇਆ ਤਾਂ ਕਿ ਜਵਾਬੀ ਕਾਰਵਾਈ ਕਮਜ਼ੋਰ ਹੋ ਜਾਵੇ। ਇਸ ਤੋਂ ਬਾਅਦ ਭੂਮੀਗਤ ਸਟੋਰੇਜ ਸਹੂਲਤਾਂ ਦੇ ਪ੍ਰਵੇਸ਼ ਦੁਆਰ ‘ਤੇ ਹਮਲਾ ਕੀਤਾ ਗਿਆ। ਕੂਪਰ ਨੇ ਇਹ ਵੀ ਕਿਹਾ ਕਿ ਪਾਕਿ ‘ਚ ਉਸ ਦੇ ਨਿੱਜੀ ਸੰਪਰਕਾਂ ਨੇ ਸਾਈਟ ‘ਤੇ ਹਮਲੇ ਦੀ ਪੁਸ਼ਟੀ ਕੀਤੀ। ਟੌਮ ਕੂਪਰ ਦਾ ਕਹਿਣਾ ਹੈ ਕਿ ਪਾਕਿ ਦਾ ਜਵਾਬੀ ਹਮਲਾ ਅਸਫਲ ਰਿਹਾ। ਉਸ ਦੀਆਂ ਮਿਜ਼ਾਈਲਾਂ ਤੇ ਡਰੋਨਾਂ ਨੂੰ ਭਾਰਤ ਨੇ ਰੋਕ ਦਿੱਤਾ ਤੇ ਕਈ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਗਿਆ। ਇਸ ਤੋਂ ਬਾਅਦ ਭਾਰਤ ਨੇ ਪਾਕਿ ਦੇ ਕਈ ਏਅਰਬੇਸਾਂ ‘ਤੇ ਹਮਲਾ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਹਮਲੇ ‘ਚ ਬਹੁਤ ਸਾਰੇ ਆਧੁਨਿਕ ਹਥਿਆਰ ਵਰਤੇ ਗਏ ਸਨ। ਇਨ੍ਹਾਂ ‘ਚ ਸੁਖੋਈ-30 ਤੋਂ ਬ੍ਰਹਮੋਸ ਮਿਜ਼ਾਈਲ, ਰਾਫੇਲ ਤੋਂ ਸਕੈਲਪ ਮਿਜ਼ਾਈਲ ਤੇ ਜੈਗੁਆਰ ਤੋਂ ਰੈਂਪੇਜ ਮਿਜ਼ਾਈਲ ਵਰਤੀ ਗਈ।