ਸਰੀ, 24 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤ, ਪੰਜਾਬ ਦੀ ਰਾਜਨੀਤੀ ਵਿਚ ਵਿਲੱਖਣ ਪਛਾਣ ਰੱਖਣ ਵਾਲੇ ਬਲਵੰਤ ਸਿੰਘ ਰਾਮੂਵਾਲੀਆ ਅੱਜ ਇੱਥੇ ਸਰੀ ਵਿਖੇ ਗੁਲਾਟੀ ਪਬਲਿਸ਼ਰਜ਼ ਲਿਮਿਟਡ ਦੇ ਬੁੱਕ ਸਟੋਰ ‘ਤੇ ਆਏ। ਉਨ੍ਹਾਂ ਦੇ ਨਾਲ ਢਾਡੀ ਕਵੀਸ਼ਰ ਚਮਕੌਰ ਸਿੰਘ ਸੇਖੋਂ, ਨਵਦੀਪ ਗਿੱਲ ਅਤੇ ਬਲਤੇਜ ਸਿੰਘ ਕੁੰਡਲ ਵੀ ਮੌਜੂਦ ਸਨ। ਬੁੱਕ ਸਟੋਰ ਵਿਚ ਮੌਜੂਦ ਹਰਦਮ ਸਿੰਘ ਮਾਨ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਪੰਜਾਬ ਦੇ ਤਾਜ਼ਾ ਹਾਲਾਤ ਬਾਰੇ ਵੀ ਗੱਲਬਾਤ ਕੀਤੀ।
ਸ. ਰਾਮੂਵਾਲੀਆ ਵਿਦੇਸ਼ ਦੀ ਧਰਤੀ ‘ਤੇ ਏਨਾ ਵੱਡਾ ਪੰਜਾਬੀ ਕਿਤਾਬਾਂ ਦਾ ਸਟੋਰ ਵੇਖ ਕੇ ਬਹੁਤ ਹੀ ਖੁਸ਼ ਹੋਏ। ਉਨ੍ਹਾਂ ਕਿਹਾ ਕਿ ਗੁਲਾਟੀ ਪਬਲਿਸ਼ਰਜ਼ ਅਤੇ ਚੇਤਨਾ ਪ੍ਰਕਾਸ਼ਨ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਭਾਰਤ ਤੋਂ ਬਾਹਰ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ, ਪੰਜਾਬੀ ਇਤਿਹਾਸ ਦੀ ਜਾਣਕਾਰੀ ਪੰਜਾਬੀਆਂ ਤੱਕ ਪਹੁੰਚਾਉਣ ਦਾ ਇਹ ਬਹੁਤ ਹੀ ਸੁਹਿਰਦ ਅਤੇ ਵਧੀਆ ਕਾਰਜ ਹੈ। ਜਿੱਥੇ ਅਜਿਹੇ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਸ਼ਾ ਵਿਭਾਗ ਪੰਜਾਬ ਅਤੇ ਹੋਰ ਅਜਿਹੀਆਂ ਸੰਸਥਾਵਾਂ ਨੂੰ ਕਰਨੇ ਚਾਹੀਦੇ ਸਨ, ਉੱਥੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਸਤੀਸ਼ ਗੁਲਾਟੀ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਪੰਜਾਬੀ ਵਿਰਾਸਤ ਨੂੰ ਕੈਨੇਡਾ, ਅਮਰੀਕਾ ਵਿਚ ਪਹੁੰਚਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਸੱਚਮੁੱਚ ਬਹੁਤ ਵੱਡਾ ਕਾਰਜ ਹੈ ਅਤੇ ਕੈਨੇਡਾ, ਅਮਰੀਕਾ ਵਿਚ ਬੈਠੇ ਪੰਜਾਬੀਆਂ ਨੂੰ ਆਪਣੀ ਬੋਲੀ, ਸਾਹਿਤ, ਸਮਾਜ, ਇਤਿਹਾਸ ਅਤੇ ਸੱਭਿਆਚਾਰ ਨਾਲ ਜੁੜਨ ਅਤੇ ਇਸ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਕਿਤਾਬਾਂ ਦਾ ਤੋਹਫਾ ਉਨ੍ਹਾਂ ਦੇ ਘਰਾਂ ਤੱਕ ਇਹ ਸੰਸਥਾ ਪਹੁੰਚਾ ਰਹੀ ਹੈ। ਉਨ੍ਹਾਂ ਸਤੀਸ਼ ਗੁਲਾਟੀ ਨੂੰ ਇਸ ਕਾਰਜ ਲਈ ਸ਼ਾਬਾਸ਼ ਦਿੰਦਿਆਂ ਕਿਹਾ ਕਿ ਉਹ ਪੰਜਾਬੀ ਬੋਲੀ ਦੇ ਇਸ ਸੇਵਾ ਕਾਰਜ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਣ। ਉਨ੍ਹਾਂ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਮਹਾਨ ਵਿਰਸੇ ਨਾਲ ਜੁੜਨ ਲਈ ਕਿਤਾਬਾਂ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾਉਣ।