#PUNJAB

ਆਦਮਪੁਰ ਹਵਾਈ ਅੱਡੇ ਤੋਂ ਸਿਰਫ਼ 1 ਘੰਟੇ ‘ਚ ਤੈਅ ਹੋਵੇਗਾ ਦਿੱਲੀ ਦਾ ਰਸਤਾ

-ਪਹਿਲੇ ਦਿਨ 2 ਘੰਟੇ ਦੇਰੀ ਨਾਲ ਗਈ ਫਲਾਈਟ
ਜਲੰਧਰ, 1 ਅਪ੍ਰੈਲ (ਪੰਜਾਬ ਮੇਲ)- ਆਦਮਪੁਰ (ਜਲੰਧਰ) ਏਅਰਪੋਰਟ ਤੋਂ ਦਿੱਲੀ ਏਅਰਪੋਰਟ ਲਈ ਫਲਾਈਟਾਂ ਸ਼ੁਰੂ ਹੋ ਗਈਆਂ ਹਨ। ਦੋਆਬੇ ਦੇ ਐੱਨ.ਆਰ.ਆਈਜ਼, ਕਾਰੋਬਾਰੀਆਂ ਅਤੇ ਉੱਦਮੀਆਂ ਨੂੰ ਹੁਣ ਦਿੱਲੀ ਜਾਣ ਲਈ 9 ਘੰਟੇ ਦਾ ਸਫਰ ਨਹੀਂ ਕਰਨਾ ਪਵੇਗਾ ਅਤੇ ਉਹ ਉਕਤ ਫਲਾਈਟ ਰਾਹੀਂ ਸਿਰਫ 1 ਘੰਟੇ ਵਿਚ ਉੱਥੇ ਪਹੁੰਚ ਜਾਣਗੇ।
ਜਾਣਕਾਰੀ ਮੁਤਾਬਕ ਇਕਾਨਮੀ ਕਲਾਸ ਦਾ ਕਿਰਾਇਆ ਟੈਕਸ ਸਮੇਤ ਕਰੀਬ 2300 ਰੁਪਏ ਹੈ। ਹਾਲਾਂਕਿ ਏਅਰਪੋਰਟ ਅਥਾਰਟੀ ਨੇ ਆਦਮਪੁਰ ਏਅਰਪੋਰਟ ‘ਤੇ ਇਕ ਮਹੀਨਾ ਪਹਿਲਾਂ ਹੀ ਸਟਾਫ ਦੀ ਨਿਯੁਕਤੀ ਕਰ ਦਿੱਤੀ ਸੀ। ਆਦਮਪੁਰ ਹਵਾਈ ਅੱਡੇ ਤੋਂ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੈਂਗਲੁਰੂ, ਕੋਲਕਾਤਾ ਅਤੇ ਗੋਆ ਲਈ ਵੀ ਫਲਾਈਟਾਂ ਸ਼ੁਰੂ ਹੋ ਗਈਆਂ ਹਨ।
ਪਹਿਲੇ ਦਿਨ ਫਲਾਈਟ ਰਾਹੀਂ ਆਦਮਪੁਰ ਏਅਰਪੋਰਟ ਤੋਂ 54 ਯਾਤਰੀ ਰਵਾਨਾ ਹੋਏ, ਜਿਨ੍ਹਾਂ ਵਿਚ 20 ਹਿੰਡਨ, 33 ਸ੍ਰੀ ਨਾਂਦੇੜ ਸਾਹਿਬ ਅਤੇ 1 ਯਾਤਰੀ ਬੈਂਗਲੁਰੂ ਲਈ ਸੀ। ਇਸ ਤੋਂ ਪਹਿਲਾਂ ਏਅਰਪੋਰਟ ‘ਤੇ ਪਹੁੰਚੀ ਫਲਾਈਟ ਵਿਚ 63 ਯਾਤਰੀ ਆਏ।
ਇਸ ਦੌਰਾਨ ਸਾਰੇ ਯਾਤਰੀ ਫਲਾਈਟ ਸ਼ੁਰੂ ਹੋਣ ਨਾਲ ਰਾਹਤ ਮਹਿਸੂਸ ਕਰ ਰਹੇ ਸਨ। ਇਸ ਮੌਕੇ ਸਟਾਰ ਏਅਰ ਦੇ ਮੈਨੇਜਰ ਗੌਰਵ ਸ਼ਰਮਾ, ਏ.ਜੀ.ਐੱਮ. ਸਿਵਲ ਏ.ਏ.ਆਈ. ਵਿਸ਼ਾਲ, ਏ.ਜੀ.ਐੱਮ. ਸਿਵਲ ਏ.ਏ.ਆਈ. ਕਮਲਜੀਤ ਕੌਰ, ਏਅਰਪੋਰਟ ਡਾਇਰੈਕਟਰ ਪੁਸ਼ਪੇਂਦਰ ਕੁਮਾਰ ਨਿਰਾਲਾ, ਕਿਰਨ, ਅਮਿਤ, ਸੂਰਜ ਯਾਦਵ, ਮਹੇਸ਼, ਗੌਰਵ ਤੁੱਲੀ ਆਦਿ ਹਾਜ਼ਰ ਸਨ।
ਆਦਮਪੁਰ ਏਅਰਪੋਰਟ ਤੋਂ ਪਹਿਲੇ ਹੀ ਦਿਨ ਫਲਾਈਟ 2 ਘੰਟੇ ਲੇਟ ਗਈ, ਜਿਸ ਕਾਰਨ ਯਾਤਰੀ ਪ੍ਰੇਸ਼ਾਨ ਰਹੇ ਪਰ ਫਲਾਈਟ ਸ਼ੁਰੂ ਹੋਣ ‘ਤੇ ਖੁਸ਼ ਵੀ ਸਨ। ਯਾਤਰੀਆਂ ਨੇ ਕਿਹਾ ਕਿ ਏਅਰਪੋਰਟ ਅਥਾਰਟੀ ਨੂੰ ਸਮੇਂ ਸਿਰ ਫਲਾਈਟ ਚਲਾਉਣ ਵੱਲ ਧਿਆਨ ਦੇਣਾ ਹੋਵੇਗਾ, ਤਾਂ ਜੋ ਯਾਤਰੀ ਸਮੇਂ ਸਿਰ ਆਪਣੀ ਮੰਜ਼ਿਲ ‘ਤੇ ਪਹੁੰਚ ਸਕਣ।
ਉਧਰ ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐੱਸ. ਵੱਲੋਂ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਤੇ ਅਣਥੱਕ ਮਿਹਨਤ ਦਾ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਏਅਰਪੋਰਟ ਨਾਂਦੇੜ ਵਿਖੇ ਸਟਾਰ ਏਅਰ ਦੀ ਪਹਿਲੀ ਫਲਾਈਟ ਪੁੱਜਣ ‘ਤੇ ਸ੍ਰੀ ਹਜ਼ੂਰ ਸਾਹਿਬ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਤੇ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਸਟਾਰ ਏਅਰ ਦੀ ਇਹ ਹਵਾਈ ਸੇਵਾ ਆਦਮਪੁਰ ਜਲੰਧਰ ਤੋਂ ਵਾਇਆ ਹਿੱਡਨ ਗਾਜੀਆਬਾਦ ਹੁੰਦੀ ਹੋਈ ਸ਼ਾਮ ਨੂੰ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਪੁੱਜੀ। ਇਸ ਮੌਕੇ ਡਾ. ਵਿਜੇ ਸਤਬੀਰ ਸਿੰਘ, ਜਸਵੰਤ ਸਿੰਘ ਬੌਬੀ ਦਿੱਲੀ ਤੋਂ ਇਲਾਵਾ ਜਾਣੇ ਪਹਿਚਾਣੇ ਉਦਯੋਗਪਤੀਆਂ ਤੋਂ ਇਲਾਵਾ ਮੀਡੀਆ ਨਾਲ ਸੰਬੰਧਤ ਵੱਖ-ਵੱਖ ਪ੍ਰਸਿੱਧ ਸ਼ਖਸੀਅਤਾਂ ਤੇ ਸੰਗਤਾਂ ਸ਼ਾਮਲ ਹਨ। ਇਸ ਉਡਾਨ ਦਾ ਰੂਟ ਆਦਮਪੁਰ-ਹਿੱਡਨ ਗਾਜੀਆਬਾਦ-ਸ੍ਰੀ ਹਜ਼ੂਰ ਸਾਹਿਬ ਨਾਦੇੜ- ਬੰਗਲੌਰ ਹੋਵੇਗਾ।
ਗੁਰੂ ਗੋਬਿੰਦ ਸਿੰਘ ਜੀ ਏਅਰਪੋਰਟ ‘ਤੇ ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲੇ, ਸਟਾਰ ਏਅਰ ਦੇ ਪ੍ਰਮੁੱਖ ਅਧਿਕਾਰੀ ਸਿਮਰਨ ਸਿੰਘ ਟਿਵਾਣਾ ਸੀ.ਓ., ਜੱਸ ਸੰਧੂ, ਸੰਦੀਪ, ਇੰਦਰਪਾਲ ਸਿੰਘ ਸ਼ਿਲੇਦਾਰ, ਗੁਰਦੁਆਰਾ ਬੋਰਡ ਦੇ ਸੁਪਰਡੈਂਟ ਰਾਜਦਵਿੰਦਰ ਸਿੰਘ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।