#INDIA

ਆਤਿਸ਼ੀ ਨੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

-ਸੌਰਭ ਭਾਰਦਵਾਜ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਤੇ ਮੁਕੇਸ਼ ਅਹਿਲਾਵਤ ਬਣੇ ਕੈਬਨਿਟ ਮੰਤਰੀ
ਨਵੀਂ ਦਿੱਲੀ, 21 ਸਤੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਆਗੂ ਬੀਬੀ ਆਤਿਸ਼ੀ ਨੇ ਸ਼ਨਿੱਚਰਵਾਰ ਨੂੰ ਇਥੇ ਰਾਜ ਨਿਵਾਸ ਵਿਖੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਅਹੁਦੇ ਤੇ ਰਾਜ਼ਦਾਰੀ ਦਾ ਹਲਫ਼ ਦਿਵਾਇਆ। ਉਨ੍ਹਾਂ ਨਾਲ ਸੌਰਭ ਭਾਰਦਵਾਜ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਿਲਾਵਤ ਨੇ ਵੀ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ।
ਇਸ ਮੌਕੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਹਾਜ਼ਰ ਸਨ, ਜਿਨ੍ਹਾਂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਖ਼ਾਲੀ ਹੋਇਆ ਸੀ। ਹਲਫ਼ਦਾਰੀ ਸਮਾਗਮ ਵਿਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ‘ਆਪ’ ਦੇ ਹੋਰ ਵੀ ਵੱਡੀ ਗਿਣਤੀ ਆਗੂ ਵੀ ਹਾਜ਼ਰ ਸਨ।
ਇਸ ਤੋਂ ਪਹਿਲਾਂ ਆਤਿਸ਼ੀ ਅਤੇ ਉਨ੍ਹਾਂ ਨਾਲ ਮੰਤਰੀਆਂ ਵਜੋਂ ਨਾਮਜ਼ਦ ‘ਆਪ’ ਆਗੂਆਂ ਨੇ ਪਾਰਟੀ ਦੇ ਮੁਖੀ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਆਤਿਸ਼ੀ ਅਤੇ ਦੂਜੇ ‘ਆਪ’ ਆਗੂ ਸਹੁੰ-ਚੁੱਕ ਸਮਾਗਮ ਲਈ ਰਾਜ ਨਿਵਾਸ ਜਾਣ ਤੋਂ ਪਹਿਲਾਂ ਇਥੇ ਸਿਵਲ ਲਾਈਨਜ਼ ਸਥਿਤ ਕੇਜਰੀਵਾਲ ਦੀ ਰਿਹਾਇਸ਼ ਉਤੇ ਪੁੱਜੇ ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਗ਼ੌਰਤਲਬ ਹੈ ਕਿ ਇਸ ਹਫ਼ਤੇ ਦੇ ਸ਼ੁਰੂ ਵਿਚ ਕੇਜਰੀਵਾਲ ਨੇ ਇਹ ਕਹਿੰਦਿਆਂ ਅਚਾਨਕ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ ਕਿ ਉਹ ਦਿੱਲੀ ਦੀ ਜਨਤਾ ਤੋਂ ‘ਈਮਾਨਦਾਰੀ ਦਾ ਫ਼ਤਵਾ’ ਮਿਲਣ ਤੋਂ ਬਾਅਦ ਹੀ ਅਹੁਦਾ ਸੰਭਾਲਣਗੇ।
ਬੀਬੀ ਆਤਿਸ਼ੀ ਨੇ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਭਾਜਪਾ ਵੱਲੋਂ ਸੁਸ਼ਮਾ ਸਵਰਾਜ ਅਤੇ ਕਾਂਗਰਸ ਵੱਲੋਂ ਸ਼ੀਲਾ ਦੀਕਸ਼ਿਤ ਕੌਮੀ ਰਾਜਧਾਨੀ ਵਿਚ ਮਹਿਲਾ ਮੁੱਖ ਮੰਤਰੀਆਂ ਵਜੋਂ ਸੇਵਾ ਨਿਭਾਅ ਚੁੱਕੀਆਂ ਹਨ। ਭਾਰਤ ਭਰ ਵਿਚ ਆਜ਼ਾਦੀ ਤੋਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਉਹ 17ਵੀਂ ਮਹਿਲਾ ਆਗੂ ਹੈ।