#INDIA

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਵੇਗੀ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਵੋਟਿੰਗ

ਚੰਡੀਗੜ੍ਹ, 25 ਜੂਨ (ਪੰਜਾਬ ਮੇਲ)- ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੈ ਕਿ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਵੋਟਿੰਗ ਰਾਹੀਂ ਚੋਣ ਹੋਣ ਜਾ ਰਹੀ ਹੈ, ਹੁਣ ਤੱਕ ਦੇ 17 ਲੋਕ ਸਭਾ ਸਦਨਾਂ ਦੌਰਾਨ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੀ ਆਪਸੀ ਸਹਿਮਤੀ ਨਾਲ ਹੁੰਦੀ ਰਹੀ ਹੈ।
ਇਸ ਵਾਰ ਸੱਤਾਧਾਰੀ ਪਾਰਟੀ ਧਿਰ ਵਿਰੋਧੀ ਧਿਰ ਵਿਚ ਲੋਕ ਸਭਾ ਸਪੀਕਰ ਦੇ ਅਹੁਦੇ ਨੂੰ ਲੈ ਕੇ ਆਪਸੀ ਸਹਿਮਤੀ ਨਾ ਬਣਨ ਕਾਰਨ ਮੰਗਲਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਕੋਡੀਕੁਨਿਲ ਸੁਰੇਸ਼ ਨੇ ਵਿਰੋਧੀ ਧਿਰ ਦੀ ਤਰਫੋਂ ਇਸ ਅਹੁਦੇ ਲਈ ਕਾਗ਼ਜ਼ ਦਾਖ਼ਲ ਕੀਤੇ।
ਉੱਧਰ ਪਿਛਲੀ ਲੋਕ ਸਭਾ ਦੌਰਾਨ ਸਪੀਕਰ ਰਹੇ ਓਮ ਬਿਰਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਉਪਰੰਤ ਸੱਤਾਧਾਰੀ ਧਿਰ ਐੱਨ.ਡੀ.ਏ. ਦੇ ਉਮੀਦਵਾਰ ਵਜੋਂ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਕਾਗ਼ਜ਼ ਦਾਖ਼ਲ ਕੀਤੇ ਹਨ।
ਰਾਜਨਾਥ ਨੇ ਕੀਤੀ ਸੀ ਸਹਿਮਤੀ ਲਈ ਪਹੁੰਚ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਰਕਾਰ ਦੇ ਨੁਮਾਇੰਦੇ ਵਜੋਂ ਵਿਰੋਧੀ ਧਿਰਾਂ ਨੂੰ ਸਹਿਮਤ ਕਰਨ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਇਸ ਮੁੱਦੇ ‘ਤੇ ਗੱਲਬਾਤ ਕੀਤੀ ਸੀ। ਦੋਹਾਂ ਆਗੂਆਂ ਦੀ ਮੀਟਿੰਗ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਸੀ ਇੰਡੀਆ ਗੱਠਜੋੜ ਦੇ ਸਾਰੇ ਆਗੂ ਐੱਨ.ਡੀ.ਏ. ਉਮੀਦਵਾਰ ਨੂੰ ਸਹਿਯੋਗ ਦੇਣ ਲਈ ਤਿਆਰ ਹਨ, ਪਰ ਡਿਪਟੀ ਸਪੀਕਰ ਦਾ ਅਹੁਦਾ ਵਿਰੋਧੀ ਧਿਰ ਨੂੰ ਦਿੱਤਾ ਜਾਵੇ।
ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਡੀ.ਐੱਮ.ਕੇ. ਨੇਤਾ ਟੀ.ਆਰ. ਬਾਲੂ ਨੇ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਐੱਨ.ਡੀ.ਏ. ਉਮੀਦਵਾਰ ਨੂੰ ਸਮਰਥਨ ਦੇਣ ਤੋਂ ਇਨਕਾਰ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਦਫ਼ਤਰ ਤੋਂ ਵਾਕਆਊਟ ਕੀਤਾ। ਵੇਣੂਗੋਪਾਲ ਨੇ ਦੋਸ਼ ਲਾਇਆ ਕਿ ਸਰਕਾਰ ਨੇ ਡਿਪਟੀ ਸਪੀਕਰ ਦਾ ਅਹੁਦਾ ਵਿਰੋਧੀ ਧਿਰ ਨੂੰ ਦੇਣ ਲਈ ਵਚਨਬੱਧਤਾ ਨਹੀਂ ਪ੍ਰਗਟਾਈ। ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਸਹਿਮਤੀ ਨਾ ਬਣਨ ਕਾਰਨ ਦੋਹਾਂ ਧਿਰਾਂ ਨੇ ਲੋਕ ਸਭਾ ਸਪੀਕਰ ਲਈ ਆਪੋ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ।

ਪਿਛਲੀਆਂ 17 ਲੋਕ ਸਭਾ ਦੌਰਾਨ ਕੌਣ-ਕੌਣ ਰਿਹਾ ਕਿੰਨਾ ਸਮਾਂ ਸਪੀਕਰ
1. ਜੀਵੀ ਮਾਵਲੰਕਰ (3 ਸਾਲ 288 ਦਿਨ)
2. ਐੱਮ.ਏ. ਆਯੰਗਰ (6 ਸਾਲ 22 ਦਿਨ)
3. ਹੁਕਮ ਸਿੰਘ (4 ਸਾਲ 333 ਦਿਨ)
4. ਨੀਲਮ ਸੰਜੀਵਾ ਰੈੱਡੀ (2 ਸਾਲ 124 ਦਿਨ)
5. ਗੁਰਦਿਆਲ ਸਿੰਘ ਢਿੱਲੋਂ (6 ਸਾਲ 110 ਦਿਨ)
6. ਬਾਲੀ ਰਾਮ ਭਗਤ (1 ਸਾਲ 69 ਦਿਨ)
7. ਨੀਲਮ ਸੰਜੀਵਾ ਰੈੱਡੀ (109 ਦਿਨ)
8. ਕੇ.ਐੱਸ. ਹੇਗੜੇ (2 ਸਾਲ 184 ਦਿਨ)
9. ਬਲਰਾਮ ਜਾਖੜ (9 ਸਾਲ 329 ਦਿਨ)
10. ਰਬੀ ਰੇਅ (1 ਸਾਲ 202 ਦਿਨ)
11. ਸ਼ਿਵਰਾਜ ਪਾਟਿਲ (4 ਸਾਲ 317 ਦਿਨ)
12. ਪੀ.ਏ. ਸੰਗਮਾ (1 ਸਾਲ 304 ਦਿਨ)
13. ਜੀ.ਐੱਮ.ਸੀ. ਬਾਲਾਯੋਗੀ (3 ਸਾਲ 342 ਦਿਨ)
14. ਮਨੋਹਰ ਜੋਸ਼ੀ (2 ਸਾਲ 23 ਦਿਨ)
15. ਸੋਮਨਾਥ ਚੈਟਰਜੀ (5 ਸਾਲ)
16. ਮੀਰਾ ਕੁਮਾਰ (5 ਸਾਲ 1 ਦਿਨ)
17. ਸੁਮਿੱਤਰਾ ਮਹਾਜਨ (5 ਸਾਲ 4 ਦਿਨ)
18. ਓਮ ਬਿਰਲਾ (5 ਸਾਲ 5 ਦਿਨ)
ਬਲਰਾਮ ਜਾਖੜ ਹੁਣ ਤੱਕ ਸਭ ਤੋਂ ਲੰਮਾ ਸਮਾਂ ਲੋਕ ਸਭਾ ਸਪੀਕਰ ਦੇ ਅਹੁਦੇ ‘ਤੇ ਰਹੇ ਹਨ ਉਨ੍ਹਾਂ ਦਾ ਕਾਰਜਕਾਰਲ 22 ਜਨਵਰੀ 1980 ਤੋਂ 15 ਜਨਵਰੀ, 1985 ਫਿਰ 16 ਜਨਵਰੀ, 1985 ਤੋਂ 18 ਦਸੰਬਰ 1989 ਤੱਕ ਸੀ। ਜੋ ਕਿ 9 ਸਾਲ 329 ਦਿਨਾਂ ਦਾ ਬਣਦਾ ਹੈ। ਦੱਸਣਯੋਗ ਹੈ ਕਿ 18ਵੀਂ ਲੋਕ ਸਭਾ ਦੇ ਸਪੀਕਰ ਦੀ ਚੋਣ 26 ਜੂਨ ਨੂੰ ਹੋਣੀ ਹੈ ਅਤੇ 27 ਜੂਨ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਪਾਰਲੀਮੈਂਟ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ।