#Cricket #SPORTS

ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ‘ਚ ਹਿੱਸਾ ਲੈ ਰਹੀਆਂ 2 ਆਸਟ੍ਰੇਲਿਆਈ ਕ੍ਰਿਕਟਰਾਂ ਨਾਲ ਛੇੜਛਾੜ; ਮੁਲਜ਼ਮ ਗ੍ਰਿਫ਼ਤਾਰ

ਇੰਦੌਰ, 25 ਅਕਤੂਬਰ (ਪੰਜਾਬ ਮੇਲ)- ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੀਆਂ ਦੋ ਆਸਟਰੇਲਿਆਈ ਦੋ ਮਹਿਲਾ ਕ੍ਰਿਕਟਰਾਂ ਦਾ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਕਥਿਤ ਤੌਰ ‘ਤੇ ਪਿੱਛਾ ਕੀਤਾ ਗਿਆ ਅਤੇ ਉਨ੍ਹਾਂ ਵਿਚੋਂ ਇੱਕ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਨੇ ਛੇੜਛਾੜ ਕੀਤੀ। ਪੁਲਿਸ ਦੇ ਇੱਕ ਅਧਿਕਾਰੀ ਨੇ ਅੱਜ ਕਿਹਾ ਕਿ ਵੀਰਵਾਰ ਸਵੇਰੇ ਖਜਰਾਣਾ ਰੋਡ ਇਲਾਕੇ ਵਿਚ ਵਾਪਰੀ ਇਸ ਘਟਨਾ ਦੇ ਸਬੰਧ ਵਿਚ ਮੁਲਜ਼ਮ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ।
ਸਬ-ਇੰਸਪੈਕਟਰ ਨਿਧੀ ਰਘੂਵੰਸ਼ੀ ਨੇ ਕਿਹਾ ਕਿ ਦੋਵੇਂ ਮਹਿਲਾ ਕ੍ਰਿਕਟਰ ਆਪਣੇ ਹੋਟਲ ਤੋਂ ਨਿਕਲ ਕੇ ਇੱਕ ਕੈਫੇ ਵੱਲ ਜਾ ਰਹੀਆਂ ਸਨ, ਤਾਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਰਘੂਵੰਸ਼ੀ ਮੁਤਾਬਕ ਉਸ ਵਿਅਕਤੀ ਨੇ ਕਥਿਤ ਤੌਰ ‘ਤੇ ਇੱਕ ਕ੍ਰਿਕਟਰ ਨੂੰ ਗਲਤ ਤਰੀਕੇ ਨਾਲ ਛੂਹਿਆ ਤੇ ਫਰਾਰ ਹੋ ਗਿਆ। ਦੋਵਾਂ ਕ੍ਰਿਕਟਰਾਂ ਨੇ ਆਪਣੀ ਟੀਮ ਦੇ ਸੁਰੱਖਿਆ ਅਧਿਕਾਰੀ, ਡੈਨੀ ਸਿਮਨਸ ਨਾਲ ਸੰਪਰਕ ਕੀਤਾ, ਜਿਸ ਨੇ ਸਥਾਨਕ ਸੁਰੱਖਿਆ ਸੰਪਰਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਤੇ ਸਹਾਇਤਾ ਲਈ ਵਾਹਨ ਭੇਜਿਆ। ਸਹਾਇਕ ਕਮਿਸ਼ਨਰ ਪੁਲਿਸ ਹਿਮਾਨੀ ਮਿਸ਼ਰਾ ਨੇ ਦੋਵਾਂ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਐੱਮ.ਆਈ.ਜੀ. ਥਾਣੇ ਵਿਚ ਇਸ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਇੱਕ ਰਾਹਗੀਰ ਨੇ ਮਸ਼ਕੂਕ ਦਾ ਮੋਟਰਸਾਈਕਲ ਨੰਬਰ ਨੋਟ ਕਰ ਲਿਆ ਸੀ, ਜਿਸ ਦੇ ਆਧਾਰ ‘ਤੇ ਮੁਲਜ਼ਮ ਅਕੀਲ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਖਾਨ ਵਿਰੁੱਧ ਪਹਿਲਾਂ ਵੀ ਅਪਰਾਧਕ ਮਾਮਲੇ ਦਰਜ ਹਨ ਅਤੇ ਜਾਂਚ ਜਾਰੀ ਹੈ।
ਦੂਜੇ ਪਾਸੇ ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐੱਮ.ਪੀ.ਸੀ.ਏ.) ਨੇ ਆਸਟ੍ਰੇਲਿਆਈ ਮਹਿਲਾ ਕ੍ਰਿਕਟਰਾਂ ਨਾਲ ਛੇੜਛਾੜ ਦੀ ਘਟਨਾ ਨੂੰ ਸ਼ਰਮਨਾਕ ਕਰਾਰ ਦਿੱਤਾ ਤੇ ਨਾਰਾਜ਼ਗੀ ਜਤਾਈ ਹੈ। ਐਸੋਸੀਏਸ਼ਨ ਨੇ ਕਿਹਾ, ”ਇੱਕ ਵਿਅਕਤੀ ਦੀ ਗਲਤ ਹਰਕਤ ਨਾਲ ਸ਼ਹਿਰ ਦਾ ਸਾਖ ਨੂੰ ਢਾਹ ਲੱਗੀ ਹੈ। ਮੇਜ਼ਬਾਨ ਹੋਣ ਨਾਤੇ ਐੱਮ.ਪੀ.ਸੀ.ਏ. ਆਸਟ੍ਰੇਲਿਆਈ ਮਹਿਲਾ ਟੀਮ ਤੋਂ ਇਸ ਦੁਖਦਾਈ ਤੇ ਮਾੜੀ ਘਟਨਾ ਲਈ ਤਹਿ-ਦਿਲੋਂ ਮੁਆਫ਼ੀ ਮੰਗਦਾ ਹੈ।