#PUNJAB

ਆਈ.ਡੀ.ਪੀ. ਵੱਲੋਂ ਇਜ਼ਰਾਈਲ ਵੱਲੋਂ ਫਲਸਤੀਨ ’ਤੇ ਕੀਤੇ ਜਾ ਰਹੇ ਜੰਗੀ ਹਮਲੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ

-ਇਜ਼ਰਾਈਲ ਵੱਲੋਂ ਫਲਸਤੀਨ ਖਿਲਾਫ਼ ਸੂਰੁ ਕੀਤੀ ਜੰਗ ਫੌਰੀ ਬੰਦ ਹੋਵੇ: ਆਈ.ਡੀ.ਪੀ.
ਭਵਾਨੀਗੜ੍ਹ/ਸੰਗਰੂਰ, 14 ਨਵੰਬਰ (ਦਲਜੀਤ ਕੌਰ/ਪੰਜਾਬ ਮੇਲ)- ਇਜ਼ਰਾਈਲ ਵੱਲੋਂ ਫਲਸਤੀਨ ’ਤੇ ਕੀਤੇ ਜਾ ਰਹੇ ਜੰਗੀ ਹਮਲੇ ਦੇ ਖਿਲਾਫ਼ ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ (ਆਈ.ਡੀ.ਪੀ.) ਵੱਲੋਂ 17 ਨਵੰਬਰ 2023 ਨੂੰ ਨਹਿਰੂ ਪਾਰਕ ਪਟਿਆਲਾ ਵਿਖੇ ਇੱਕਠੇ ਹੋ ਕੇ ਵਿਰੋਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਫੈਸਲਾ ਇੱਥੇ ਭਵਾਨੀਗੜ੍ਹ ਨੇੜਲੇ ਪਿੰਡ ਫੱਗੂਵਾਲਾ ਵਿਖੇ ਆਈ.ਡੀ.ਪੀ. ਦੀ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਮੇਟੀ ਦੀ ਮੀਟਿੰਗ ਵਿਚ ਕੀਤਾ ਗਿਆ।
ਇਸ ਮੌਕੇ ਮੀਟਿੰਗ ’ਚ ਵਿਸ਼ੇਸ਼ ਤੌਰ ਪਹੁੰਚੇ ਆਈ.ਡੀ.ਪੀ. ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਸੂਬਾ ਸਕੱਤਰ ਤਰਲੋਚਨ ਸਿੰਘ ਸੂਲਰ ਘਰਾਟ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਹਮਾਸ ਉਪਰ ਹਮਲੇ ਦੇ ਨਾਂ ਹੇਠ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਗਾਜਾ ਪੱਟੀ ਵਿਚ ਲੋਕਾਂ ਲਈ ਖਾਣ-ਪੀਣ ਵਾਲੇ ਸਮਾਨ ਨੂੰ ਰੋਕ ਕੇ ਅਤੇ ਹਸਪਤਾਲਾਂ, ਸਕੂਲਾਂ, ਵਿੱਦਿਅਕ ਅਦਾਰਿਆਂ, ਰਿਹਾਇਸ਼ੀ ਇਲਾਕਿਆਂ, ਐਂਬੂਲੈਂਸਾਂ ਅਤੇ ਰਾਹਤ ਸਮੱਗਰੀ ਵਾਲੀਆਂ ਥਾਵਾਂ ਉੱਪਰ ਜ਼ਮੀਨੀ ਤੇ ਹਵਾਈ ਹਮਲੇ ਕਰਕੇ ਹੁਣ ਤੱਕ ਬੱਚਿਆਂ, ਔਰਤਾਂ ਸਮੇਤ ਤਕਰੀਬਨ 11000 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਯੂ.ਐੱਨ.ਓ. ਵਿਚ ਪੰਜ ਦੇਸ਼ਾਂ ਨੂੰ ਮਿਲੀ ਵੀਟੋ ਪਾਵਰ ਖਤਮ ਕੀਤੀ ਜਾਵੇ, ਤਾਂ ਕਿ ਏਕਾ ਅਧਿਕਾਰ ਖਤਮ ਕਰਕੇ ਕੌਮਾਂਤਰੀ ਸੰਸਥਾ ਜਮਹੂਰੀ ਫੈਸਲੇ ਲੈਣ ਦੇ ਸਮਰੱਥ ਹੋ ਸਕੇ।