#CANADA

ਆਈ.ਐੱਸ.ਯੂ. ਫਾਉਂਡੇਸ਼ਨ ਨੇ ਸਾਲਾਨਾ ਜਨਰਲ ਮੀਟਿੰਗ ਮੌਕੇ ਲੋਹੜੀ ਦਾ ਤਿਉਹਾਰ ਮਨਾਇਆ

ਸਰੀ, 24 ਜਨਵਰੀ (ਹਰਦਮ ਮਾਨ/ਪੰਜਾਬ ਮੇਲ)- ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਫਾਉਂਡੇਸ਼ਨ ਵੱਲੋਂ ਬੀਤੇ ਦਿਨੀਂ ਆਪਣੀ ਸਾਲਾਨਾ ਜਨਰਲ ਮੀਟਿੰਗ ਮੌਕੇ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਲ ਹੋਏ। ਇੰਪਾਇਰ ਬੈਂਕੁਇਹਾਅਸਸਰੀ ਵਿਚ ਹੋਏ ਇਸ ਪ੍ਰੋਗਰਾਮ ਵਿਚ ਰਜਨੀਸ਼ ਕੌਰ, ਜੋਬਨਪ੍ਰੀਤ ਸਿੰਘ। ਲਵਪ੍ਰੀਤ ਕੌਰ, ਨਵਜੋਤ ਗਿੱਲ, ਜਸਵਿੰਦਰ ਚਾਹਲ ਅਤੇ ਸ਼ੇਹਨੂਰ ਰੰਧਾਵਾ ਨੇ ਵੱਖ-ਵੱਖ ਮਨੋਰੰਜਕ ਖੇਡਾਂ ਰਾਹੀਂ ਪ੍ਰੋਗਰਾਮ ਨੂੰ ਦਿਲਚਸਪ ਬਣਾਇਆ ਅਤੇ ਬਹੁਤ ਸਾਰੇ ਵਿਦਿਆਰਥੀਆਂ ਦੀ ਇਨ੍ਹਾਂ ਖੇਡਾਂ ਵਿਚ ਸ਼ਮੂਲੀਅਤ ਕਰ ਕੇ ਪ੍ਰੋਗਰਾਮ ਦੀ ਖੂਬਸੂਰਤ ਨੂੰ ਮਾਣਿਆ।
ਇਸ ਮੌਕੇ ਗੀਤ-ਸੰਗੀਤ ਵੀ ਹੋਇਆ। ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਨੌਰਥ ਡੈਲਟਾ ਦੇ ਨੌਜਵਾਨ ਆਗੂ ਅੰਮ੍ਰਿਤ ਢੋਟ ਨੇ ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਫਾਉਂਡੇਸ਼ਨ ਦੇ ਸਾਰੇ ਅਹੁਦੇਦਾਰਾਂ ਨੂੰ ਲੋਹੜੀ ਦੀ ਮੁਬਾਰਕਬਾਦ ਦਿੱਤੀ ਅਤੇ ਫਾਊਂਡੇਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਫਾਉਂਡੇਸ਼ਨ ਕਮਿਊਨਿਟੀ ਵਿਚ ਆਪਣਾ ਬਹੁਤ ਵਧੀਆ ਰੋਲ ਅਦਾ ਕਰ ਰਹੀ ਹੈ। ਉਨ੍ਹਾਂ ਆਪਣੇ ਵੱਲੋਂ ਇਸ ਫਾਊਂਡੇਸ਼ਨ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਪਿਕਸ ਸੋਸਾਇਟੀ ਸਰੀ ਦੇ ਮਾਰਕੀਟਿੰਗ, ਕਮਿਊਨੀਕੇਸ਼ਨ ਅਤੇ ਫੰਡਰੇਜ਼ਿੰਗ ਅਫਸਰ ਫਲਕ ਬੇਤਾਬ ਨੇ ਵੀ ਅੰਤਰਰਾਸ਼ਟਰੀ ਸਟੂਡੈਂਟ ਯੂਨੀਅਨ ਫਾਊਂਡੇਸ਼ਨ ਦੇ ਪ੍ਰਧਾਨ ਜਸ਼ਨਪ੍ਰੀਤ ਸਿੰਘ ਅਤੇ ਸਾਰੇ ਅਹੁਦੇਦਾਰਾਂ ਨੂੰ ਲੋਹੜੀ ਦੀ ਮੁਬਾਰਕਬਾਦ ਦਿੱਤੀ ਅਤੇ ਪਿਕਸ ਵੱਲੋਂ ਪੂਰਨ ਸਹਿਯੋਗ ਦੇਣ ਦੀ ਗੱਲ ਕਹੀ। ਪੰਜਾਬੀ ਸ਼ਾਇਰ ਅਤੇ ਮੀਡੀਆ ਪਰਸਨ ਹਰਦਮ ਸਿੰਘ ਮਾਨ ਨੇ ਵੀ ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸਲਾਘਾ ਕੀਤੀ ਅਤੇ ਅਜਿਹੀਆਂ ਸਰਗਰਮੀਆਂ ਨੂੰ ਭਵਿੱਖ ਵਿਚ ਵੀ ਜਾਰੀ ਰੱਖਣ ਲਈ ਅਪੀਲ ਕੀਤੀ। ਪ੍ਰਾਈਮ ਏਸ਼ੀਆ ਟੀ.ਵੀ. ਦੇ ਹੋਸਟ ਜੋਗਰਾਜ ਸਿੰਘ ਕਾਹਲੋਂ ਨੇ ਵੀ ਸਾਰੇ ਵਿਦਆਰਥੀਆਂ ਨੂੰ ਲੋਹੜੀ ਦੇ ਤਿਓਹਾਰ ਦੀ ਵਧਾਈ ਦਿੱਤੀ।
ਫਾਊਂਡੇਸ਼ਨ ਦੇ ਪ੍ਰਧਾਨ ਜਸ਼ਨਪ੍ਰੀਤ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਮੁੱਚੀ ਪ੍ਰਬੰਧਕੀ ਟੀਮ ਅਤੇ ਪ੍ਰੋਗਰਾਮ ਵਿਚ ਪਹੁੰਚੇ ਸਾਰੇ ਵਿਦਿਆਰਥੀਆਂ ਨੂੰ ਲੋਹੜੀ ਦੀ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ।