#PUNJAB

ਆਈ.ਐੱਮ.ਐੱਫ. ਨੇ ਪਾਕਿ ਲਈ 7 ਅਰਬ ਡਾਲਰ ਦਾ ਕਰਜ਼ਾ ਜਾਰੀ ਕਰਨ ਤੋਂ ਪਹਿਲਾਂ ਨਵੀਆਂ ਸ਼ਰਤਾਂ ਰੱਖੀਆਂ

ਅੰਮ੍ਰਿਤਸਰ, 1 ਜਨਵਰੀ (ਪੰਜਾਬ ਮੇਲ)- ਕੌਮਾਂਤਰੀ ਮੁਦਰਾ ਫ਼ੰਡ (ਆਈ. ਐੱਮ. ਐੱਫ.) ਨੇ ਪਾਕਿਸਤਾਨ ਲਈ 7 ਅਰਬ ਡਾਲਰ ਦਾ ਕਰਜ਼ਾ ਜਾਰੀ ਕਰਨ ਤੋਂ ਪਹਿਲਾਂ ਕਈ ਹੋਰ ਨਵੀਆਂ ਸ਼ਰਤਾਂ ਰੱਖੀਆਂ ਹਨ, ਜੋ ਪਾਕਿ ਦੇ ਵਧ ਰਹੇ ਇਲੈਕਟਿਕ੍ਰ ਅਤੇ ਹਾਈਬ੍ਰਿਡ ਵਾਹਨ ਉਦਯੋਗ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਆਈ.ਐੱਮ.ਐੱਫ. ਨੇ ਪਾਕਿ ‘ਚ ਨਿਰਮਿਤ ਇਲੈਕਟ੍ਰਿਕ ਚਾਰ ਪਹੀਆ ਵਾਹਨਾਂ ਅਤੇ ਬਾਈਕਾਂ ‘ਤੇ ਵਿਕਰੀ ਟੈਕਸ ਛੋਟਾਂ ਨੂੰ ਖ਼ਤਮ ਕਰਨ ਦੀ ਸ਼ਰਤ ਰੱਖੀ ਹੈ। ਪਾਕਿ ਸਰਕਾਰ ਵੱਲੋਂ ਅਜੇ ਤੱਕ ਇਨ੍ਹਾਂ ਵਾਹਨਾਂ ਨੂੰ ਪੂਰੀ ਤਰ੍ਹਾਂ ਟੈਕਸ-ਮੁਕਤ ਰੱਖਿਆ ਗਿਆ ਸੀ। ਇਸ ਤੋਂ ਇਲਾਵਾ 2026-27 ਵਿੱਤੀ ਸਾਲ ਤੋਂ ਮਿਆਰੀ 18 ਫ਼ੀਸਦੀ ਜਨਰਲ ਸੇਲਜ਼ ਟੈਕਸ (ਜੀ.ਐੱਸ.ਟੀ.) ਲਗਾਉਣ ਦੀ ਵੀ ਸ਼ਰਤ ਰੱਖੀ ਗਈ ਹੈ। ਇਸ ਦੇ ਨਾਲ ਹੀ ਗਲੋਬਲ ਰਿਣਦਾਤਾ ਨੇ ਵਿਕਰੀ ਟੈਕਸ ਐਕਟ ਦੇ ਅੱਠਵੇਂ ਸ਼ਡਿਊਲ ਤੋਂ ਵਿਕਰੀ ਟੈਕਸ ਛੋਟਾਂ ਨੂੰ ਹਟਾਉਣ ਅਤੇ ਉਨ੍ਹਾਂ ਨੂੰ ਆਮ ਟੈਕਸ ਪ੍ਰਣਾਲੀ ‘ਚ ਸ਼ਾਮਲ ਕਰਨ ਦੀ ਵੀ ਸ਼ਰਤ ਰੱਖੀ ਹੈ।