#OTHERS

ਆਈ.ਐੱਮ.ਐੱਫ. ਨੇ ਪਾਕਿਸਤਾਨ ਦੀ ਵਿਦੇਸ਼ੀ ਕਰਜ਼ੇ ਦੀਆਂ ਲੋੜਾਂ ਨੂੰ ਘਟਾ ਕੇ 25 ਅਰਬ ਡਾਲਰ

ਇਸਲਾਮਾਬਾਦ, 18 ਨਵੰਬਰ (ਪੰਜਾਬ ਮੇਲ)- ਆਈ.ਐੱਮ.ਐੱਫ. ਨੇ ਮੌਜੂਦਾ ਵਿੱਤੀ ਸਾਲ ਲਈ ਪਾਕਿਸਤਾਨ ਦੀਆਂ ਬਾਹਰੀ ਕਰਜ਼ੇ ਦੀਆਂ ਲੋੜਾਂ ਨੂੰ ਘਟਾ ਕੇ 25 ਅਰਬ ਅਮਰੀਕੀ ਡਾਲਰ ਕਰ ਦਿੱਤਾ ਹੈ। ਬਹੁਪੱਖੀ ਏਜੰਸੀ ਨੇ ਨਕਦੀ ਦੀ ਕਿੱਲਤ ਨਾਲ ਜੂਝ ਰਹੀ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਇਸ ’ਚ 3.4 ਅਰਬ ਅਮਰੀਕੀ ਡਾਲਰ ਦੀ ਕਟੌਤੀ ਕੀਤੀ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਐਕਸਪ੍ਰੈਸ ਟਿ੍ਰਬਿਊਨ ਅਖਬਾਰ ਦੀ ਇੱਕ ਰਿਪੋਰਟ ਵਿਚ ਦਿੱਤੀ ਗਈ ਹੈ।
ਰਿਪੋਰਟ ਮੁਤਾਬਕ ਵਾਸ਼ਿੰਗਟਨ ਸਥਿਤ ਗਲੋਬਲ ਰਿਣਦਾਤਾ ਨੇ ਸਰਕਾਰ ਦੇ ਆਰਥਿਕ ਪੂਰਵ ਅਨੁਮਾਨਾਂ ਨੂੰ ਰੱਦ ਕਰਦੇ ਹੋਏ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਘਟਾ ਕੇ ਸਿਰਫ ਦੋ ਫੀਸਦੀ ਕਰ ਦਿੱਤਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਇੱਕ ਵਫ਼ਦ ਨੇ 15 ਨਵੰਬਰ ਨੂੰ ਪਾਕਿਸਤਾਨੀ ਅਧਿਕਾਰੀਆਂ ਨਾਲ ਦੋ ਹਫ਼ਤਿਆਂ ਤੱਕ ਚੱਲੀ ਗੱਲਬਾਤ ਨੂੰ ਪੂਰਾ ਕੀਤਾ। ਇਸ ਤੋਂ ਬਾਅਦ ਇੱਕ ਸਟਾਫ-ਪੱਧਰ ਦੇ ਸਮਝੌਤੇ ਦੀ ਘੋਸ਼ਣਾ ਕੀਤੀ ਗਈ ਸੀ, ਜਿਸ ਦੇ ਤਹਿਤ ਪਹਿਲਾਂ ਸਹਿਮਤ ਹੋਏ 3 ਅਰਬ ਅਮਰੀਕੀ ਡਾਲਰ ਦੇ ਕਰਜ਼ੇ ਦੀ ਦੂਜੀ ਕਿਸ਼ਤ ਵਜੋਂ 70 ਕਰੋੜ ਅਮਰੀਕੀ ਡਾਲਰ ਜਾਰੀ ਕੀਤੇ ਜਾਣਗੇ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਜੁਲਾਈ ਦੇ ਮੁਕਾਬਲੇ ਆਈ.ਐੱਮ.ਐੱਫ. ਨੇ ਮੌਜੂਦਾ ਵਿੱਤੀ ਸਾਲ ਲਈ ਬਾਹਰੀ ਉਧਾਰ ਲੋੜਾਂ ਨੂੰ 28.4 ਅਰਬ ਅਮਰੀਕੀ ਡਾਲਰ ਤੋਂ ਘਟਾ ਕੇ 25 ਅਰਬ ਡਾਲਰ ਕਰ ਦਿੱਤਾ ਹੈ। ਪਾਕਿਸਤਾਨ ਸਰਕਾਰ ਚਾਰ ਮਹੀਨਿਆਂ ਵਿਚ ਪਹਿਲਾਂ ਹੀ 6 ਬਿਲੀਅਨ ਡਾਲਰ ਦਾ ਕਰਜ਼ਾ ਲੈ ਚੁੱਕੀ ਹੈ।