#INDIA

ਅੱਤਵਾਦੀ-ਗੈਂਗਸਟਰ-ਡਰੱਗ ਤਸਕਰ ਗਠਜੋੜ ਖ਼ਿਲਾਫ਼ N.I.A. ਦੇ ਪੰਜਾਬ, ਦਿੱਲੀ ਤੇ ਹਰਿਆਣਾ ਸਣੇ 32 ਥਾਵਾਂ ‘ਤੇ ਛਾਪੇ

ਨਵੀਂ ਦਿੱਲੀ, 11 ਜਨਵਰੀ (ਪੰਜਾਬ ਮੇਲ)- ਦੇਸ਼ ਵਿਚ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਗਠਜੋੜ ਨੂੰ ਖਤਮ ਕਰਨ ਦੇ ਮਕਸਦ ਨਾਲ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਜ ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਚੰਡੀਗੜ੍ਹ ਵਿਚ 32 ਥਾਵਾਂ ‘ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਅੱਜ ਸਵੇਰੇ ਸ਼ੁਰੂ ਹੋਈ ਅਤੇ ਅੱਤਵਾਦ ਵਿਰੋਧੀ ਏਜੰਸੀ ਦੀਆਂ ਕਈ ਟੀਮਾਂ ਨੇ ਰਾਜ ਪੁਲਿਸ ਬਲਾਂ ਦੇ ਨਾਲ ਨਜ਼ਦੀਕੀ ਤਾਲਮੇਲ ਨਾਲ ਤਲਾਸ਼ੀ ਲਈ। ਹਰਿਆਣਾ ਦੇ ਝੱਜਰ ਅਤੇ ਸੋਨੀਪਤ ਵਿਚ ਵੀ ਏਜੰਸੀ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ। ਏਜੰਸੀ ਦੇ ਅਧਿਕਾਰੀਆਂ ਨੇ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਗਠਤ ਦਹਿਸ਼ਤੀ-ਅਪਰਾਧ ਸਿੰਡੀਕੇਟ ਨਾਲ ਜੁੜੇ ਮੈਂਬਰਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ। ਇਹ ਛਾਪੇਮਾਰੀ ਐੱਨ.ਆਈ.ਏ. ਵੱਲੋਂ 6 ਜਨਵਰੀ ਨੂੰ ਲਾਰੈਂਸ ਬਿਸ਼ਨੋਈ ਦੀਆਂ ਚਾਰ ਜਾਇਦਾਦਾਂ ਕੁਰਕ ਕਰਨ ਦੇ ਕੁਝ ਦਿਨ ਬਾਅਦ ਕੀਤੀ ਗਈ ਸੀ।