ਹੁਸ਼ਿਆਰਪੁਰ, 25 ਮਾਰਚ (ਤਰਸੇਮ ਦੀਵਾਨਾ/ਪੰਜਾਬ ਮੇਲ)- ਪੰਜਾਬੀ ਵਿਰਸਾ ਸਾਡੀ ਪਹਿਚਾਣ, ਇਤਿਹਾਸ, ਤੇ ਮੂਲ ਸੰਸਕਾਰਾਂ ਦੀ ਸ਼ਾਨ ਹੈ। ਇਹ ਸਾਡੇ ਵੱਡੇ-ਵਡੇਰਿਆਂ ਦੀ ਮਿਹਨਤ, ਭਾਸ਼ਾ, ਲੋਕ-ਧਾਰਾ ਅਤੇ ਰਿਵਾਜ਼ਾਂ ਨਾਲ ਜੁੜਿਆ ਹੋਇਆ ਹੈ। ਪਰ ਆਧੁਨਿਕਤਾ, ਪੱਛਮੀ ਸੰਸਕ੍ਰਿਤੀ ਦੇ ਵੱਧਦੇ ਪ੍ਰਭਾਵ ਅਤੇ ਨੌਜਵਾਨ ਪੀੜ੍ਹੀ ਦੀ ਬੇਰੁਖ਼ੀ ਕਾਰਨ ਪੰਜਾਬੀ ਵਿਰਸਾ ਹੌਲੀ-ਹੌਲੀ ਖਤਮ ਹੋ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹੁਸ਼ਿਆਰਪੁਰ ਦੇ ਵਾਰਡ ਨੰਬਰ 46 ਤੋਂ ਕੌਂਸਲਰ ਮੁਕੇਸ਼ ਕੁਮਾਰ ਮੱਲ੍ਹ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈੱਸ ਵਾਰਤਾ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ, ਜੋ ਇੱਕ ਸਮੇਂ ਸਾਡੇ ਘਰਾਂ, ਗਲੀਆਂ ਤੇ ਵਿਦਿਆਲਿਆਂ ਦੀ ਮੁੱਖ ਭਾਸ਼ਾ ਸੀ, ਹੁਣ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਅੱਗੇ ਹਾਸ਼ੀਏ ‘ਤੇ ਪਈ ਹੋਈ ਹੈ। ਅੱਜ ਦੇ ਬੱਚੇ ਠੀਕ ਤਰੀਕੇ ਨਾਲ ਪੜ੍ਹਨ-ਲਿਖਣ ਜਾਂ ਬੋਲਣ ਵਿਚ ਦਿਲਚਸਪੀ ਨਹੀਂ ਲੈ ਰਹੇ, ਜਿਸ ਨਾਲ ਭਵਿੱਖ ਵਿਚ ਇਹ ਭਾਸ਼ਾ ਬਹੁਤ ਗੰਭੀਰ ਸੰਕਟ ਵਿਚ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਭਾਸ਼ਾ ਹੀ ਨਹੀਂ, ਪੰਜਾਬੀ ਲੋਕ-ਧਾਰਾ, ਰਵਾਇਤਾਂ ਅਤੇ ਬਹੁਤ ਸਾਰੇ ਬੱਚੇ ਪੰਜਾਬੀ ਭਾਸ਼ਾ ਤੋਂ ਵੀ ਦੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ
ਪਹਿਲਾ ਗਿੱਧਾ, ਭੰਗੜਾ, ਜੁਗਨੀ ਤੇ ਲੋਕ-ਗੀਤ ਹਰ ਖੁਸ਼ੀ ਦੇ ਮੌਕੇ ‘ਤੇ ਗਾਏ ਜਾਂਦੇ ਸਨ, ਪਰ ਹੁਣ ਇਨ੍ਹਾਂ ਦੀ ਥਾਂ ਪੱਛਮੀ ਸੰਸਕ੍ਰਿਤੀ ਅਤੇ ਆਧੁਨਿਕ ਡੀ.ਜੇ. ਮਿਊਜ਼ਿਕ ਨੇ ਲੈ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਵਿਆਹਾਂ ਵਿਚ ਪਹਿਲਾਂ ਪੁਰਾਣੀਆਂ ਰਵਾਇਤਾਂ, ਜਿਵੇਂ ਕਿ ਵਾਰਾਂ, ਸੂਹਾ-ਸੁਹਾਗ, ਵਗੈਰਾ ਆਮ ਸਨ, ਪਰ ਹੁਣ ਇਹ ਰਿਵਾਇਤਾਂ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਹਨ। ਨੌਜਵਾਨ ਪੀੜ੍ਹੀ ਪਿਛਲੀਆਂ ਪੀੜ੍ਹੀਆਂ ਦੀਆਂ ਕਦਰਾਂ-ਕੀਮਤਾਂ ਅਤੇ ਲੋਕ-ਰਿਵਾਜ਼ਾਂ ਨੂੰ ਪਿਛੜਿਆ ਸਮਝਣ ਲੱਗ ਪਈ ਹੈ, ਜਿਸ ਕਾਰਨ ਇਹ ਵਿਰਸਾ ਹੌਲੀ-ਹੌਲੀ ਅਲੋਪ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਪਹਿਰਾਵਾ ਵੀ ਵੱਡੇ ਬਦਲਾਅ ਹੇਠ ਆ ਚੁੱਕਾ ਹੈ ਕਿਉਂਕਿ ਪਹਿਲਾਂ ਸਾਫ਼ਾ, ਪਟਕਾ, ਕੁੜਤਾ-ਪਜਾਮਾ ਤੇ ਸੁਥਣੀ ਪੰਜਾਬੀ ਮਰਦਾਂ ਦੀ ਪਹਿਚਾਣ ਹੁੰਦੀ ਸੀ, ਜਦਕਿ ਪੰਜਾਬੀ ਔਰਤਾਂ ਲਈ ਫੁਲਕਾਰੀ, ਪਰਾਂਦਾ ਤੇ ਸਲਵਾਰ-ਕਮੀਜ਼ ਆਮ ਹੁੰਦੇ ਸਨ ਪਰ ਹੁਣ ਵੈਸਟਰਨ ਲਿਬਾਸ ਨੇ ਪੰਜਾਬੀ ਪਹਿਰਾਵਿਆਂ ਨੂੰ ਪਿੱਛੇ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਖੇਤੀਬਾੜੀ ਪੰਜਾਬ ਦੀ ਮੁੱਖ ਪਹਿਚਾਣ ਸੀ, ਪਰ ਹੁਣ ਨੌਜਵਾਨ ਵਿਦੇਸ਼ ਜਾਣ ਦੀ ਦੌੜ ਵਿਚ ਲੱਗੇ ਹੋਏ ਹਨ, ਜਿਸ ਨਾਲ ਪਿੰਡਾਂ ਦੀ ਰੌਣਕ ਘੱਟ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਪੁਰਾਣੀਆਂ ਖੇਤੀ ਤਕਨੀਕਾਂ ਦੀ ਥਾਂ ਨਵੀਆਂ ਤਕਨੀਕਾਂ ਨੇ ਲੈ ਲਈ ਹੈ, ਪਰ ਸਮੇਂ ਦੇ ਨਾਲ-ਨਾਲ ਖੇਤੀ ਨਾਲ ਜੁੜੀ ਪੰਜਾਬੀ ਵਿਰਾਸਤ ਵੀ ਮਿੱਟਦੀ ਜਾ ਰਹੀ ਹੈ।
ਅੱਜ ਦੀ ਪੀੜ੍ਹੀ ਪੰਜਾਬੀ ਲੋਕ-ਧਾਰਾ, ਰਵਾਇਤਾਂ ਅਤੇ ਪੰਜਾਬੀ ਭਾਸ਼ਾ ਤੋਂ ਵੀ ਦੂਰ ਹੋ ਰਹੀ ਹੈ : ਕੌਂਸਲਰ ਮੁਕੇਸ਼ ਕੁਮਾਰ ਮੱਲ੍ਹ
