#AMERICA

ਅੱਗ ਲੱਗਣ ਕਾਰਨ ਭਾਰਤੀ ਪੱਤਰਕਾਰ ਦੀ ਨਿਊਯਾਰਕ ’ਚ ਮੌਤ

ਨਿਊਯਾਰਕ,  25 ਫਰਵਰੀ (ਪੰਜਾਬ ਮੇਲ)- ਇਥੋਂ ਦੀ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗਣ ਕਾਰਨ ਇਕ ਭਾਰਤੀ ਪੱਤਰਕਾਰ ਦੀ ਮੌਤ ਹੋ ਗਈ। ਇਹ ਜਾਣਕਾਰੀ ਭਾਰਤੀ ਦੂਤਾਵਾਸ ਨੇ ਅੱਜ ਸਾਂਝੀ ਕੀਤੀ ਹੈ। ਦੂਤਾਵਾਸ ਦੇ ਅਧਿਕਾਰੀ ਨੇ ਦੱਸਿਆ ਕਿ ਇੱਥੇ ਇਕ ਅਪਾਰਟਮੈਂਟ ਵਿਚ 23 ਫਰਵਰੀ ਨੂੰ ਅੱਗ ਲੱਗ ਗਈ ਸੀ। ਇਸ ਹਾਦਸੇ ਵਿਚ 27 ਸਾਲਾ ਫਾਜ਼ਿਲ ਖਾਨ ਦੀ ਮੌਤ ਹੋ ਗਈ। ਉਹ ਫਾਜ਼ਿਲ ਦੀ ਮ੍ਰਿਤਕ ਦੇਹ ਦੇਸ਼ ਲਿਆਉਣ ਲਈ ਯਤਨ ਕਰ ਰਹੇ ਹਨ ਤੇ ਪਰਿਵਾਰ ਨਾਲ ਸੰਪਰਕ ਵਿਚ ਹਨ। ਨਿਊਯਾਰਕ ਦੇ ਫਾਇਰ ਵਿਭਾਗ ਅਨੁਸਾਰ ਈ ਬਾਈਕ ਦੀ ਬੈਟਰੀ ਫਟਣ ਕਾਰਨ ਅੱਗ ਲੱਗੀ ਜਿਸ ਨਾਲ ਪੂਰੀ ਇਮਾਰਤ ਨੁਕਸਾਨਗ੍ਰਸਤ ਹੋਈ। ਇਸ ਹਾਦਸੇ ਵਿਚ 17 ਜਣੇ ਜ਼ਖ਼ਮੀ ਹੋਏ ਤੇ ਕਈ ਜਣੇ ਝੁਲਸ ਵੀ ਗਏ। ਅੱਗ ਫੈਲਣ ਤੋਂ ਬਾਅਦ ਲੋਕਾਂ ਨੇ ਪੰਜਵੀਂ ਤੇ ਛੇਵੀਂ ਮੰਜ਼ਿਲ ਤੋਂ ਛਾਲਾਂ ਮਾਰ ਦਿੱਤੀਆਂ ਸਨ। ਜਾਣਕਾਰੀ ਅਨੁਸਾਰ ਫਾਜ਼ਿਲ ਨੇ ਸਾਲ 2020 ਵਿਚ ਕੋਲੰਬੀਆ ਯੂਨੀਵਰਸਿਟੀ ਤੋਂ ਜਰਨਿਲਜ਼ਮ ਕੀਤੀ ਸੀ। ਨਿਊਯਾਰਕ ਵਿਚ ਪੱਤਰਕਾਰੀ ਕਰਨ ਤੋਂ ਪਹਿਲਾਂ ਫਾਜ਼ਿਲ ਨਵੀਂ ਦਿੱਲੀ ਵਿਚ ਸੀਐਨਐਨ ਨਿਊਜ਼ 18 ਵਿਚ ਪੱਤਰਕਾਰ ਵਜੋਂ ਕਾਰਜਰਤ ਸਨ।