#PUNJAB

ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਬਲਵੰਤ ਸਿੰਘ ਖੇੜਾ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰ੍ਰਗਟਾਵਾ

ਅੰਮ੍ਰਿਤਸਰ, 28 ਨਵੰਬਰ (ਪੰਜਾਬ ਮੇਲ)- ਅੰਮ੍ਰਿਤਸਰ ਵਿਕਾਸ ਮੰਚ ਵੱਲੋਂ  ਨਾਮਵਰ ਸਮਾਜ ਸੇਵੀ ਤੇ ਉੱਘੇ ਅਧਿਆਪਕ ਆਗੂ ਤੇ ਸੋਸ਼ਿਲਿਸਟ ਪਾਰਟੀ (ਇੰਡੀਆ) ਦੇ ਕੌਮੀ ਮੀਤ ਪ੍ਰਧਾਨ ਬਲਵੰਤ ਸਿੰਘ ਖੇੜਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੈਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਮੰਚ ਦੇ ਪ੍ਰਧਾਨ ਇੰਜ. ਹਰਜਾਪ ਸਿੰਘ, ਸਰਪ੍ਰਸਤ ਪ੍ਰੋ. ਮੋਹਣ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਮਨਮੋਹਨ ਸਿੰਘ ਬਰਾੜ , ਸੀਨੀਅਰ ਮੀਤ ਪ੍ਰਧਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਤੇ ਜਨਰਲ ਸਕੱਤਰ ਸੁਰਿੰਦਰਜੀਤ ਸਿੰਘ ਬਿੱਟੂੂ ਤੇ ਸਮੂਹ ਮੈਂਬਰਾਨ ਨੇ ਕਿਹਾ ਕਿ ਖੇੜਾ ਸਾਹਿਬ ਦੀ ਸਾਰੀ ਜਿੰਦਗੀ ਸੰਘਰਸ਼ਮਈ ਰਹੀ ਹੈ। ਉਹ ਜਦ ਸਰਕਾਰੀ ਨੌਕਰੀ ਵਿੱਚ ਸਨ ਤਾਂ ਉਨ੍ਹਾਂ ਗੌਰਮਿੰਟ ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ ਬਣਾਕੇ ਪ੍ਰਾਇਮਰੀ ਡਾਇਰੈਕਟੋਰੇਟ ਸਥਾਪਤ ਲਈ ਜਦੋ ਜਹਿਦ ਕੀਤੀ ਤੇ ਇਹ ਇੱਕ ਵੱਖਰਾ ਡਾਇਰੈਕਟੋਰੇਟ ਸਥਾਪਤ ਕਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ।ਇਸ ਤਰ੍ਹਾਂ ਪ੍ਰਾਇਮਰੀ ਅਧਿਆਪਕਾਂ ਲਈ ਬਤੌਰ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੀਕ ਤਰੱਕੀ ਕਰਨ ਦਾ ਰਾਹ ਖੱੁਲ੍ਹਿਆ।

ਸੇਵਾ ਮੁਕਤੀ ਪਿੱਛੋਂ ਉਹ ਸੋਸ਼ਿਲਿਸਟ ਪਾਰਟੀ (ਇੰਡੀਆ) ਵਿੱਚ ਸ਼ਾਮਲ ਹੋ ਗਏ ਤੇ ਇਸ ਸਮੇਂ ਉਹ ਕੌਮੀ ਮੀਤ ਪ੍ਰਧਾਨ ਸਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਦੋ ਸੰਵਿਧਾਨ ਰਖਣ ਵਿਰੁੱਧ ਲੰਮਾ ਸਮਾਂ ਸੰਘਰਸ਼ ਕੀਤਾ। ਉਨ੍ਹਾਂ ਵੱਲੋਂ 22 ਲੇਖਾਂ ਦਾ ਇੱਕ ਸੰਗ੍ਰਹਿ ‘ਸਮਿਆਂ ਦੇ ਸਨਮੁੱਖ’ 12 ਨਵੰਬਰ 2023 ਨੂੰ ਲੋਕ ਅਰਪਣ ਕੀਤਾ ਗਿਆ।

ਉਨ੍ਹਾਂ ਨੇ 24-25 ਦਸੰਬਰ 1996 ਦੀ  ਦਰਮਿਆਨ ਰਾਤ ਨੂੰ ਵਾਪਰੇ ਮਾਲਟਾ ਕਿਸ਼ਤੀ ਕਾਂਡ ਜਿਸ ਵਿੱਚ ਇੱਕ ਕਿਸ਼ਤੀ ਵਿੱਚ 565 ਲੋਕ ਸਵਾਰ ਸਨ ਜਿਨ੍ਹਾਂ ਦਾ ਸਬੰਧ ਭਾਰਤ, ਪਾਕਿਸਤਾਨ, ਸ੍ਰੀ ਲੰਕਾ ਅਤੇ ਬੰਗਲਾਦੇਸ਼ ਨਾਲ ਸੀ ਜੋ ਗੈਰ ਕਾਨੂੰਨੀ ਢੰਗ ਨਾਲ ਇਟਲੀ ਵਿੱਚ ਦਾਖਲ ਹੋ ਰਹੇ ਸਨ ਦੇ ਡੁੱਬ ਜਾਣ ਸੈਂਕੜੇ ਮੁਸਾਫ਼ਿਰ ਮਾਰੇ ਗਏ।ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ ਸੀ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਮਾਲਟਾ ਜਾਂਚ ਕਮੇਟੀ ਬਣਾ ਕੇ ਲੜਾਈ ਲੜੀ ।ਉਸ ਸਮੇਂ ਸ੍ਰੀ ਇੰਦਰ ਕੁਮਾਰ ਗੁਜਰਾਲ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ । ਨਤੀਜੇ ਵੱਜੋਂ ਜਿਨ੍ਹਾਂ ਏਜੰਟਾਂ ਨੇ ਇਨ੍ਹਾਂ ਨੂੰ ਗੈਰ-ਕਾਨੂੰਨੀ ਭੇਜਿਆ ਸੀ ਉਨ੍ਹਾਂ ਵਿਰੁੱਧ ਸੀ ਬੀ ਆਈ ਵਲੋਂ ਕੇਸ ਚਲਾਉਣ ਦਾ ਆਦੇਸ਼ ਕਰਵਾਇਆ।ਜਿਸ ਦੇ ਸਿੱਟੇ ਵੱਜੋਂ ਏਜੰਟਾਂ ’ਤੇ ਕੇਸ ਦਰਜ ਹੋਏ ਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ। ਇਸ ਕੇਸ ਦੀ ਪੈਰਵੀ ਦੌਰਾਨ ਉਨ੍ਹਾਂ ਨੂੰ ਇਟਲੀ , ਯੂਨਾਨ ਤੇ ਹੋਰਨਾਂ ਮੁਲਕਾਂ ਦਾ ਦੌਰਾ ਵੀ ਕੀਤਾ। ਏਨੇ ਵਰ੍ਹੇ ਬੀਤ ਜਾਣ ਦੇ ਬਾਵਜੂਦ ਵੀ ਭਾਵੇਂ ਅਜੇ ਤੀਕ ਦੋਸ਼ੀਆਂ ਨੂੰ ਭਾਵੇਂ ਸਜਾਵਾਂ ਨਹੀਂ ਮਿਲੀਆਂ ਪਰ ਬਲਵੰਤ ਸਿੰਘ ਖੇੜੇ ਨੇ ਪ੍ਰਭਾਵਿਤ ਲੋਕਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਕੇ ਉਨ੍ਹਾਂ ਦਾ ਕੇਸ ਜ਼ਰੂਰ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਂਦਾ।      ਖੇੜਾ ਜੀ ਅੱਜ ਭਾਵੇਂ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਵੱਲੋਂ ਕੀਤੇ ਲੋਕ ਭਲਾਈ ਦੇ ਕੰਮਾਂ ਕਰਕੇ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।