#PUNJAB

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਨਾਮਵਰ ਲੇਖਕ ਸ. ਮਨਮੋਹਨ ਸਿੰਘ ਬਾਸਰਕੇ ਦੇ ਅਕਾਲ ਚਲਾਣੇ ‘ਤੇ ਦੁਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 8  ਨਵੰਬਰ (ਪੰਜਾਬ ਮੇਲ)- ਅੰਮ੍ਰਿਤਸਰ ਵਿਕਾਸ ਮੰਚ ਵਲੋਂ ਪੰਜਾਬੀ ਦੇ ਪ੍ਰਸਿੱਧ ਲੇਖਕ ਸ. ਮਨਮੋਹਨ ਸਿੰਘ ਬਾਸਰਕੇ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪ੍ਰੈੱਸ ਨੂੰ ਜਾਰੀ ਇਕ ਸਾਂਝੇ ਬਿਆਨ ‘ਚ ਮੰਚ ਦੇ ਸਰਪ੍ਰਸਤ ਪ੍ਰੋਫ਼ੈਸਰ ਮੋਹਨ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ, ਸ. ਮਨਮੋਹਨ ਸਿੰਘ ਬਰਾੜ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਤੇ ਸ. ਹਰਦੀਪ ਸਿੰਘ ਚਾਹਲ, ਪ੍ਰਧਾਨ ਇੰਜ. ਹਰਜਾਪ ਸਿੰਘ ਔਜਲਾ ਸੀਨੀਅਰ ਮੀਤ ਡਾ. ਇੰਦਰਜੀਤ ਸਿੰਘ ਗੋਗੋਆਣੀ ਤੇ ਜਨਰਲ ਸਕੱਤਰ ਸ. ਸੁਰਿੰਦਰਜੀਤ ਸਿੰਘ ਬਿੱਟੂ ਤੇ ਸਮੂਹ ਮੈਂਬਰਾਨ ਵੱਲੋਂ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਬਾਸਰਕੇ ਇਕ ਬਹੁਤ ਹੀ ਨੇਕ ਤੇ ਹਲੀਮੀ ਸੁਭਾਅ ਦੇ ਮਾਲਕ ਸਨ।
ਉਹ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਬਤੌਰ ਸੁਪਰਡੈਂਟ ਸੇਵਾ ਮੁਕਤ ਹੋਣ ਪਿੱਛੋਂ ਸਮਾਜਿਕ ਤੇ ਸਾਹਿਤਕ ਕੰਮਾਂ ਵਿਚ ਕਾਰਜਸ਼ੀਲ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਦੀ ਖ਼ਬਰ ਨਾਲ ਸਹਿਤਕ ਖ਼ੇਤਰ ਵਿਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਨੇ ਪੰਜਾਬੀ ਸਾਹਿਤ ਝੋਲੀ ਤੇਰਾਂ ਪੁਸਤਕਾਂ ਪਾਈਆਂ, ਜਿਨ੍ਹਾਂ ਵਿਚ ਕਹਾਣੀ ਸੰਗ੍ਰਹਿ ”ਬੇਨਾਮ ਰਿਸ਼ਤੇ”, ”ਗੁਆਚੇ ਪਲਾਂ ਦੀ ਦਾਸਤਾਨ” ਅਤੇ ”ਮੁੱਠੀ ‘ਚੋਂ ਕਿਰਦੀ ਰੇਤ” ਤੋਂ ਇਲਾਵਾ ਬਾਲ ਪੁਸਤਕ ”ਕੁਕੜੂੰ ਘੜੂੰ”, ”ਭਲੇ ਅਮਰਦਾਸ ਗੁਣ ਤੇਰੇ (ਇਤਿਹਾਸਕ ਨਾਟਕ)”, ”ਇਤਿਹਾਸਕ ਪਿੰਡ ਬਾਸਰਕੇ ਗਿੱਲਾਂ”, ”ਸੈਣ ਰੂਪ ਹਰਿ ਜਾਇ ਕੈ” (ਜੀਵਨ ਤੇ ਰਚਨਾ ਸੈਣ ਭਗਤ), ”ਚੇਤਿਆਂ ਦੀ ਚੰਗੇਰ ‘ਚੋਂ” (ਯਾਦਾਂ) ਅਤੇ ਸਰਵੇ ਪੁਸਤਕ ”ਸ੍ਰੀ ਛੇਹਰਟਾ ਸਾਹਿਬ”, ”ਅਟਾਰੀ”, ”ਰਾਮਦਾਸ” ਅਤੇ ”ਨੂਰਦੀ” ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਅਤੇ ”ਸਰਾਏ ਅਮਾਨਤ ਖ਼ਾਂ”, ਅਜੇ ਛਪਾਈ ਅਧੀਨ ਹੈ। ਉਨ੍ਹਾਂ ਨੂੰ ਕਈ ਸਾਹਿਤਕ ਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਉਹ ਭਾਵੇਂ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਵੱਲੋਂ ਕੀਤੇ ਸਾਹਿਤਕ ਤੇ ਸਮਾਜ ਭਲਾਈ ਕੰਮਾਂ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।