#PUNJAB

ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਜਲਦ ਹੋਵੇਗਾ ਕਾਇਆ-ਕਲਪ

-ਹਵਾਈ ਅੱਡੇ ਵਰਗੀਆਂ ਮਿਲਣਗੀਆਂ ਸਹੂਲਤਾਂ
ਅੰਮ੍ਰਿਤਸਰ, 10 ਫਰਵਰੀ (ਪੰਜਾਬ ਮੇਲ)- ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀ ਮੁੱਖ ਇਮਾਰਤ 150 ਸਾਲ ਪੁਰਾਣੀ ਹੈ, ਇਸ ਦੇ ਬਾਵਜੂਦ ਇਸ ਇਮਾਰਤ ਵਿਚ ਸਮੇਂ-ਸਮੇਂ ‘ਤੇ ਮੁਰੰਮਤ ਅਤੇ ਹੋਰ ਵਿਕਾਸ ਕਾਰਜ ਹੁੰਦੇ ਰਹਿੰਦੇ ਹਨ, ਜਿਸ ਕਾਰਨ ਇਹ ਇਮਾਰਤ ਆਕਰਸ਼ਿਕ ਦਿੱਖਣ ਦੇ ਨਾਲ-ਨਾਲ ਕਾਫ਼ੀ ਮਜ਼ਬੂਤ ਹੈ। ਇਹ ਇਮਾਰਤ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪੂਰੀਆਂ ਸਹੂਲਤਾਂ ਨਾਲ ਲੈਸ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਮੁੜ ਵਿਕਾਸ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ, ਜਿਸ ਨਾਲ ਰੇਲਵੇ ਸਟੇਸ਼ਨ ਦੀ ਦਿੱਖ ਪੂਰੀ ਤਰ੍ਹਾਂ ਬਦਲ ਜਾਵੇਗੀ।
ਰੇਲਵੇ ਸਟੇਸ਼ਨ ਨੂੰ ਏਅਰਪੋਰਟ ਵਰਗੀਆਂ ਸਹੂਲਤਾਂ ਦੇਣ ਲਈ ਰੇਲਵੇ ਮੰਤਰਾਲਾ ਕਾਫੀ ਗੰਭੀਰ ਹੈ ਅਤੇ ਇਸ ਸਬੰਧ ਵਿਚ ਰੇਲਵੇ ਅਧਿਕਾਰੀ ਬਲਿਊ ਪ੍ਰਿੰਟ ਤਿਆਰ ਕਰਨ ਵਿਚ ਲੱਗੇ ਹੋਏ ਹਨ। ਗੁਰੂ ਨਗਰੀ ਦੇ ਇਸ ਬੇਹੱਦ ਰੁਝੇਵੇਂ ਵਾਲੇ ਰੇਲਵੇ ਸਟੇਸ਼ਨ ‘ਤੇ ਕਾਫੀ ਹਲਚਲ ਹੋਣੀ ਤੈਅ ਹੈ। ਇਸ ਤੋਂ ਪਹਿਲਾਂ ਵੀ ਰੇਲਵੇ ਮੰਤਰਾਲੇ ਨੇ ਵਿਸ਼ੇਸ਼ ਤੌਰ ‘ਤੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਦੀ ਮਹੱਤਤਾ ਨੂੰ ਦੇਖਦੇ ਹੋਏ ਸਟੇਸ਼ਨ ਨੂੰ ਕਈ ਅਹਿਮ ਪ੍ਰਾਜੈਕਟਾਂ ਨਾਲ ਨਿਵਾਜਿਆ ਹੈ, ਜਿਸ ਕਾਰਨ ਰੇਲਵੇ ਸਟੇਸ਼ਨ ਦਾ ਕਾਫੀ ਆਧੁਨਿਕੀਕਰਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਵਿਭਾਗ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਮੁੜ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ। ਹੁਣ ਇਸ ਸਟੇਸ਼ਨ ਨੂੰ ਸਿੱਖ ਵਿਰਾਸਤੀ ਦਿੱਖ ਵਿਚ ਮੁੜ ਵਿਕਸਤ ਕੀਤਾ ਜਾਵੇਗਾ, ਜਿਸ ਵਿਚ ਹਰ ਪਲੇਟਫਾਰਮ ‘ਤੇ ਲਿਫਟ-ਐਸਕੇਲੇਟਰ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਦੱਸਣਯੋਗ ਹੈ ਕਿ 4 ਸਾਲ ਪਹਿਲਾਂ ਸਾਲ 2020 ਵਿਚ ਜਾਰੀ ਹੋਏ ਯੂ.ਡੀ.ਆਈ. ਪ੍ਰਿੰਟ ਵਿਚ ਸਟੇਸ਼ਨ ਦੀ ਇਮਾਰਤ ਦੀ ਬਾਹਰੀ ਦਿੱਖ ਆਧੁਨਿਕ ਆਰਕੀਟੈਕਟਾਂ ਤੋਂ ਪ੍ਰੇਰਿਤ ਸੀ, ਪਰ ਹੁਣ ਨਵੇਂ ਯੂ.ਡੀ.ਆਈ. ਪ੍ਰਿੰਟ ਵਿਚ ਸਟੇਸ਼ਨ ਨੂੰ ਸਿੱਖ ਵਿਰਾਸਤ ਦਾ ਰੂਪ ਦਿੱਤਾ ਗਿਆ ਹੈ। ਇਸ ਪ੍ਰਿੰਟ ਨੂੰ ਲਾਗੂ ਕਰਨ ਲਈ ਰੇਲਵੇ 849 ਕਰੋੜ ਰੁਪਏ ਖਰਚ ਕਰੇਗਾ। ਰੇਲਵੇ ਮੰਤਰਾਲੇ ਵੱਲੋਂ ਜਾਰੀ ਆਪਣੇ 54 ਪੰਨਿਆਂ ਦੇ ਮਾਸਟਰ ਪਲਾਨ ਮੁਤਾਬਕ ਸਟੇਸ਼ਨ ਦਾ ਖੇਤਰਫਲ 266 ਏਕੜ ਤੱਕ ਵਧਾਇਆ ਜਾਵੇਗਾ, ਜੋ ਮੌਜੂਦਾ ਸਟੇਸ਼ਨ ਨਾਲੋਂ 4 ਗੁਣਾ ਵੱਡਾ ਹੋਵੇਗਾ। ਸਾਰੇ ਪਲੇਟਫਾਰਮ ਟਰਾਲੀ ਪੱਧਰ ‘ਤੇ ਹੋਣਗੇ ਅਤੇ ਯਾਤਰੀਆਂ ਨੂੰ ਰੇਲਗੱਡੀ ‘ਤੇ ਚੜ੍ਹਨ ਲਈ ਪੌੜੀਆਂ ਨਹੀਂ ਚੜ੍ਹਨੀਆਂ ਪੈਣਗੀਆਂ। ਸਟੇਸ਼ਨ ਬਿਲਡਿੰਗ ਖੇਤਰ ਨੂੰ 7 ਹਿੱਸਿਆਂ ਵਿਚ ਵੰਡਿਆ ਜਾਵੇਗਾ, ਜਿਸ ਦਾ ਕੁੱਲ ਖੇਤਰਫਲ 135890 ਵਰਗ ਮੀਟਰ ਹੋਵੇਗਾ। ਸਟੇਸ਼ਨ ਦੇ ਦਾਖਲੇ ਅਤੇ ਬਾਹਰ ਨਿਕਲਣ ਲਈ ਜੋ ਪੁਲ ਬਣਾਇਆ ਜਾਵੇਗਾ, ਉਸ ਵਿਚ ਇੱਕੋ ਸਮੇਂ 1500 ਲੋਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਹਰ ਪਲੇਟਫਾਰਮ ‘ਤੇ ਲਿਫਟਾਂ ਅਤੇ ਸਮਾਰਟ ਸਕਰੀਨਾਂ ਲਗਾਈਆਂ ਜਾਣਗੀਆਂ ਅਤੇ ਸਮਾਰਟ ਟਾਇਲਟ ਵੀ ਬਣਾਏ ਜਾਣਗੇ।
ਸਟੇਸ਼ਨ ‘ਤੇ ਵਾਹਨਾਂ ਦੀ ਪਾਰਕਿੰਗ ਨੂੰ ਲੈ ਕੇ ਅਕਸਰ ਵਿਵਾਦ ਹੁੰਦਾ ਰਹਿੰਦਾ ਹੈ। ਇਸ ਤਹਿਤ ਰੇਲਵੇ ਮੰਤਰਾਲੇ ਨੇ 3 ਥਾਵਾਂ ‘ਤੇ ਪਾਰਕਿੰਗ ਵਿਵਸਥਾ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ, ਜਿੱਥੇ 754 ਚਾਰ ਪਹੀਆ ਵਾਹਨ, 302 ਦੋਪਹੀਆ ਵਾਹਨ ਅਤੇ 147 ਆਟੋ ਪਾਰਕ ਕੀਤੇ ਜਾ ਸਕਦੇ ਹਨ। ਸਟੇਸ਼ਨ ਦੇ ਦੱਖਣੀ ਅਤੇ ਉੱਤਰੀ ਪਾਸੇ ‘ਤੇ ਸਰਫੇਸ ਪਾਰਕਿੰਗ ਹੋਵੇਗੀ। ਉੱਤਰੀ ਪਾਸੇ ਦੀ ਸਰਫੇਸ ਪਾਰਕਿੰਗ ਵਿਚ 400 ਵਾਹਨ ਪਾਰਕ ਕੀਤੇ ਜਾਣਗੇ। ਦੱਖਣੀ ਹਿੱਸੇ ਵਿਚ ਕਰੀਬ 290 ਵਾਹਨ ਪਾਰਕ ਕਰ ਸਕਣਗੇ। ਉੱਤਰੀ ਹਿੱਸੇ ਵਿਚ 5 ਮੰਜ਼ਿਲਾ ਮਲਟੀ-ਲੈਵਲ ਪਾਰਕਿੰਗ ਬਣਾਈ ਜਾਵੇਗੀ, ਜਿਸ ਵਿਚ 514 ਚਾਰ ਪਹੀਆ ਵਾਹਨ ਪਾਰਕ ਕਰਨ ਦੀ ਸਮਰੱਥਾ ਹੋਵੇਗੀ।
2018 ਵਿਚ ਹਰ ਘੰਟੇ 4890 ਯਾਤਰੀ ਆਉਦੇ ਜਾਂਦੇ ਸਨ ਅਤੇ 2023 ਵਿਚ ਇਹ ਵੱਧ ਕੇ 5567 ਹੋ ਗਏ। ਰੇਲਵੇ ਮੁਤਾਬਕ 2038 ਤੱਕ 7769 ਅਤੇ 2058 ਤੱਕ 1,06,033 ਤੱਕ ਪਹੁੰਚ ਜਾਵੇਗਾ। ਸਾਰੇ 17 ਪਲੇਟਫਾਰਮਾਂ ਤੱਕ ਪਹੁੰਚਣ ਲਈ ਐਕਸਲੇਟਰ ਅਤੇ ਲਿਫਟ ਸਹੂਲਤਾਂ ਮੁਹੱਈਆ ਹੋਣਗੀਆਂ। ਪੰਜ ਮੰਜ਼ਿਲਾ ਮਲਟੀ-ਲੈਵਲ ਪਾਰਕਿੰਗ ਬਣਾਈ ਜਾਵੇਗੀ, ਜਿਸ ਵਿਚ ਇੱਕ ਸਮੇਂ ਵਿਚ ਹਜ਼ਾਰਾਂ ਚਾਰ ਪਹੀਆ ਵਾਹਨ ਅਤੇ ਦੋਪਹੀਆ ਵਾਹਨ ਪਾਰਕ ਕੀਤੇ ਜਾ ਸਕਣਗੇ। ਵੇਟਿੰਗ ਰੂਮ ਵਿਚ 1800 ਲੋਕ ਇਕੱਠੇ ਬੈਠ ਸਕਣਗੇ।