#PUNJAB

ਅੰਮ੍ਰਿਤਸਰ ’ਚ ਪੰਜਾਬ ਪੁਲਿਸ ਦੇ ਏ.ਐੱਸ.ਆਈ. ਦੀ ਗੋਲੀ ਮਾਰ ਕੇ ਹੱਤਿਆ

ਜੰਡਿਆਲਾ ਗੁਰੂ, 17 ਨਵੰਬਰ (ਪੰਜਾਬ ਮੇਲ)- ਇਥੋਂ ਨਜ਼ਦੀਕੀ ਸਥਿਤ ਦੋਬੁਰਜੀ ਖਾਨਕੋਟ ਸੜਕ ਉਪਰ ਅਣਪਛਾਤਿਆਂ ਵੱਲੋਂ ਜੰਡਿਆਲਾ ਗੁਰੂ ਥਾਣੇ ਅਧੀਨ ਪੁਲਿਸ ਚੌਕੀ ਨਵਾਂ ਪਿੰਡ ਵਿਚ ਤਾਇਨਾਤ ਏ.ਐੱਸ.ਆਈ. ਸਰੂਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਮਿ੍ਰਤਕ ਏ.ਐੱਸ.ਆਈ. ਦੇ ਬੇਟੇ ਲਵਪ੍ਰੀਤ ਸਿੰਘ ਦੇ ਬਿਆਨ ਉੱਪਰ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਐੱਸ.ਪੀ. ਗੁਰਪ੍ਰਤਾਪ ਸਿੰਘ ਸਹੋਤਾ ਅਤੇ ਡੀ.ਐੱਸ.ਪੀ. ਸੁੱਚਾ ਸਿੰਘ ਨੇ ਦੱਸਿਆ ਏ.ਐੱਸ.ਆਈ. ਸਰੂਪ ਸਿੰਘ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਕਾਲ ਆਈ ਸੀ, ਜਿਸ ਵਿਚ ਉਨ੍ਹਾਂ ਦੀ ਫੋਨ ਕਰਨ ਵਾਲੇ ਨਾਲ ਬਹੁਤ ਬਹਿਸ ਹੋਈ। ਇਸ ਤੋਂ ਬਾਅਦ ਉਹ ਆਪਣੇ ਘਰ ਤੋਂ ਐਕਟੀਵਾ ਪੀ.ਬੀ. 05 ਏਡੀ 3639 ਉੱਤੇ ਸਵਾਰ ਹੋ ਕੇ ਪੁਲਿਸ ਚੌਕੀ ਵਾਸਤੇ ਚਲੇ ਗਏ, ਜਦੋਂ ਉਹ ਬਹੁਤ ਦੇਰ ਤੱਕ ਵਾਪਸ ਨਾ ਆਏ ਤਾਂ ਪਰਿਵਾਰ ਨੇ ਉਨ੍ਹਾਂ ਨੂੰ ਫੋਨ ਕੀਤਾ, ਜੋ ਬੰਦ ਸੀ। ਉਨ੍ਹਾਂ ਦਾ ਬੇਟਾ ਸਾਫਟਵੇਅਰ ਇੰਜੀਨੀਅਰ ਹੈ ਤੇ ਦਿਵਾਲੀ ਦੀਆਂ ਛੁੱਟੀਆਂ ਕਾਰਨ ਘਰ ਆਇਆ ਹੋਇਆ ਸੀ। ਉਸ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਪੁਲਿਸ ਚੌਕੀ ਜਾ ਕੇ ਪਤਾ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਰੂਪ ਸਿੰਘ ਚੌਕੀ ਪਹੁੰਚੇ ਹੀ ਨਹੀਂ। ਫਿਰ ਪਰਿਵਾਰ ਨੂੰ ਕਾਫੀ ਖੋਜ ਕਰਨ ਤੋਂ ਬਾਅਦ ਸੂਏ ਕਿਨਾਰੇ ਲਾਸ਼ ਮਿਲੀ। ਮੌਕੇ ’ਤੇ ਜਾ ਕੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਨ੍ਹਾਂ ਦੇ ਸਿਰ ਵਿਚ ਗੋਲੀ ਮਾਰੀ ਗਈ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਕਤਲ ਦਾ ਕਾਰਨ ਨਿੱਜੀ ਰੰਜਿਸ਼ ਦੱਸੀ ਜਾ ਰਹੀ ਹੈ ਪੁਲਿਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮਾਮਲੇ ਵਿਚ ਸ਼ਰਨਪ੍ਰੀਤ ਸਿੰਘ ਵਾਸੀ ਦਸ਼ਮੇਸ਼ ਨਗਰ, ਵਿਸ਼ਾਲਦੀਪ ਸਿੰਘ ਅਤੇ ਵੰਸ਼ ਕਾਲਗੜ੍ਹ ਢਪਈਆਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ। ਐੱਸ.ਪੀ. ਨੇ ਦੱਸਿਆ ਇਸ ਸਬੰਧੀ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਇੱਕ ਨਾਮਜ਼ਦ ਕੀਤੇ ਵਿਅਕਤੀ ਘਰੋਂ ਖੂਨ ਨਾਲ ਰੰਗੇ ਕੱਪੜੇ ਵੀ ਬਰਾਮਦ ਹੋਏ ਹਨ।