#CANADA

ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵਧਾਈ ਕੈਨੇਡਾ ਦੀ ਚਿੰਤਾ

ਟੋਰਾਂਟੋ, 16 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸ਼ਰਨ ਦਾ ਦਾਅਵਾ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਮਿਲਰ ਨੇ ਇਸ ਸਬੰਧੀ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ (ਸੀ.ਆਈ.ਸੀ.ਸੀ.) ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੌਹਨ ਮੁਰੇ ਨੂੰ ਪੱਤਰ ਲਿਖਿਆ ਹੈ। ਸੀ.ਆਈ.ਸੀ.ਸੀ. ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟਸ ਅਤੇ ਰੈਗੂਲੇਟਿਡ ਇੰਟਰਨੈਸ਼ਨਲ ਸਟੂਡੈਂਟ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਲਾਇਸੰਸ ਪ੍ਰਦਾਨ ਕਰਦਾ ਹੈ ਅਤੇ ਨਿਯੰਤ੍ਰਿਤ ਕਰਦਾ ਹੈ।
ਇਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਦੇ ਅੰਕੜਿਆਂ ਅਨੁਸਾਰ, ਕੈਨੇਡੀਅਨ ਨਿਊਜ਼ ਆਊਟਲੈਟ ਦਿ ਗਲੋਬ ਐਂਡ ਮੇਲ ਨੇ ਰਿਪੋਰਟ ਦਿੱਤੀ ਕਿ ਲਗਭਗ 13,660 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 2024 ਦੇ ਪਹਿਲੇ 9 ਮਹੀਨਿਆਂ ਵਿਚ ਪਨਾਹ ਮੰਗੀ ਹੈ, ਜੋ ਇੱਕ ਰਿਕਾਰਡ ਹੈ। ਪਿਛਲੇ ਸਾਲ ਇਹ ਅੰਕੜਾ ਲਗਭਗ 12,000 ਸੀ। 2018 ਵਿਚ, ਇਹ ਸਿਰਫ 1810 ਸੀ। ਅਜੇ 3 ਮਹੀਨਿਆਂ ਦੇ ਅੰਕੜਿਆਂ ਦੀ ਗਿਣਤੀ ਹੋਣੀ ਬਾਕੀ ਹੈ, ਜਿਸ ਨਾਲ ਸੰਖਿਆ ਵਧਣ ਦੀ ਉਮੀਦ ਹੈ। ਕੈਨੇਡਾ ਵਿਚ ਭਾਰਤੀਆਂ ਵੱਲੋਂ ਪਨਾਹ ਦੇ ਦਾਅਵਿਆਂ ਵਿਚ ਵਾਧਾ ਹੋਇਆ ਹੈ।
ਮਿਲਰ ਨੇ ਪੱਤਰ ਵਿਚ ਲਿਖਿਆ, ਕੈਨੇਡਾ ਸੁਰੱਖਿਆ ਦੀ ਲੋੜ ਵਾਲੇ ਵਿਅਕਤੀਆਂ ਦੀ ਮਦਦ ਕਰਨ ਲਈ ਸਮਰਪਿਤ ਹੈ। ਹਾਲਾਂਕਿ, ਸ਼ਰਨਾਰਥੀਆਂ ਨੂੰ ਕੈਨੇਡਾ ਵਿਚ ਰਹਿਣ ਜਾਂ ਸਥਾਈ ਨਿਵਾਸ ਲਈ ਖ਼ੁਦ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਲਈ ਸਲਾਹ ਦੇਣਾ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਉਦੇਸ਼ਾਂ ਦੇ ਉਲਟ ਹੋਵੇਗਾ। ਮਿਲਰ ਨੇ ਸੀ.ਆਈ.ਸੀ.ਸੀ. ਨੂੰ ਲਾਇਸੰਸਸ਼ੁਦਾ ਸਲਾਹਕਾਰਾਂ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ, ਜੋ ਸ਼ਾਇਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਨਾਹ ਦਾਅਵਿਆਂ ਨੂੰ ਅੱਗੇ ਵਧਾਉਣ ਲਈ ਗਲਤ ਢੰਗ ਨਾਲ ਸਲਾਹ ਦੇ ਰਹੇ ਹਨ।