ਬਰੈਂਪਟਨ, 11 ਮਾਰਚ (ਰਮਿੰਦਰ ਵਾਲੀਆ/ਪੰਜਾਬ ਮੇਲ)- ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਫ਼ਾਊਂਡਰ, ਪ੍ਰਧਾਨ ਅਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ 8 ਮਾਰਚ ਐਤਵਾਰ ਨੂੰ ਮਹੀਨਾਵਾਰ ਅੰਤਰਰਾਸ਼ਟਰੀ ਵੈਬੀਨਾਰ (ਕਾਵਿ ਮਿਲਣੀ) ਪ੍ਰੋਗਰਾਮ, ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿਚ ਕਰਾਇਆ ਗਿਆ। ਇਸ ਪ੍ਰੋਗਰਾਮ ਵਿਚ ਦੇਸ਼-ਵਿਦੇਸ਼ ਤੋਂ ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਰਮਿੰਦਰ ਰੰਮੀ ਨੇ ਸਭ ਨੂੰ ਨਿੱਘਾ ਜੀ ਆਇਆਂ ਕਿਹਾ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਹੋ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਕਾਵਿ ਮਿਲਣੀ ਦਾ ਮੰਚ ਸੰਚਾਲਨ ਸੰਸਥਾ ਦੇ ਕਨਵੀਨਰ ਡਾ. ਬਲਜੀਤ ਕੌਰ ਰਿਆੜ ਨੇ ਬੜੇ ਵਿਦਵਤਾ ਭਰਪੂਰ ਅੰਦਾਜ਼ ਨਾਲ ਕੀਤਾ ਅਤੇ ਵਿਲੱਖਣ ਅੰਦਾਜ਼ ਵਿਚ ਸਭ ਦੀ ਜਾਣਕਾਰੀ ਦਿੱਤੀ।
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਰਮਿੰਦਰ ਵਾਲੀਆ ਦੀ ਅਗਵਾਈ ਵਿਚ ਕਰਾਏ ਗਏ ਇਸ ਪ੍ਰੋਗਰਾਮ ਵਿਚ ਕਵੀ ਦਰਬਾਰ ਅਤੇ ਵਿਚਾਰ-ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਵਿਦਵਾਨ ਤੇ ਚਿੰਤਕ ਔਰਤਾਂ ਨੇ ਸ਼ਿਰਕਤ ਕੀਤੀ। ਡਾਕਟਰ ਸਰਬਜੀਤ ਕੌਰ ਸੋਹਲ ਚੇਅਰਪਰਸਨ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਆਪਣੀ ਖ਼ੂਬਸੂਰਤ ਨਜ਼ਮ (ਸਮਝਦਾਰ ਔਰਤਾਂ) ਦੀ ਪੇਸ਼ਕਾਰੀ ਕਰਕੇ, ਆਪਣੇ ਵਿਚਾਰ ਸਾਂਝੇ ਕਰਦਿਆਂ ਔਰਤ ਦੀ ਸਥਿਤੀ ਨੂੰ ਅਜੋਕੇ ਯੁੱਗ ਵਿਚ ਵੀ ਚੁਣੌਤੀਆਂ ਭਰਪੂਰ ਦੱਸਿਆ। ਉਨ੍ਹਾਂ ਨੇ ਸਮਾਜ ਵਿਚ ਪਰਿਵਾਰਿਕ ਸਮਾਜਿਕ ਪੱਧਰ ‘ਤੇ ਔਰਤ ਨਾਲ ਹੁੰਦੇ ਵਿਤਕਰਿਆਂ ਦੀ ਗੱਲ ਕੀਤੀ। ਡਾ. ਸੋਹਲ ਨੇ ਦੱਸਿਆ ਕਿ ਔਰਤ ਦੀਆਂ ਘਰੋਗੀ ਜ਼ਿੰਮੇਵਾਰੀਆਂ ਤੋਂ ਇਲਾਵਾ ਉਹਨੂੰ ਇੱਕ ਵਸਤੂ ਦੇ ਰੂਪ ‘ਚ ਸਮਝੇ ਜਾਣ ਦਾ ਰੁਝਾਨ ਹਾਲੇ ਤੱਕ ਕਾਇਮ ਹੈ। ਔਰਤ ਦੀਆਂ ਭਾਵਨਾਤਮਕ ਲੋੜਾਂ ਨੂੰ ਹਾਲੇ ਵੀ ਕੋਈ ਮਹੱਤਵ ਨਹੀਂ ਦਿੱਤਾ ਜਾਂਦਾ। ਉਨ੍ਹਾਂ ਨੇ ਵੱਡੇ ਅਹੁਦਿਆਂ ‘ਤੇ ਬਿਰਾਜਮਾਨ ਔਰਤਾਂ ਪ੍ਰਤੀ ਵੀ ਸਮਾਜ ਦੀ ਸੌੜੀ ਮਾਨਸਿਕਤਾ ਦਾ ਜ਼ਿਕਰ ਕੀਤਾ। ਉਪਰੰਤ ਡਾਕਟਰ ਹਰਸ਼ਿੰਦਰ ਕੌਰ ਨੇ ਮਹਿਲਾ ਦਿਵਸ ਦੀ ਮੁਬਾਰਕਬਾਦ ਨੂੰ ਅਜੋਕੇ ਦੌਰ ਵਿਚ ਬਹੁਤ ਵੰਗਾਰ ਭਰਿਆ ਦੱਸਿਆ । ਕਿਉਂਕਿ ਹਾਲੇ ਵੀ ਸਿਹਤ ਅੰਕੜੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਔਰਤ ਪੂਰੀ ਤਰ੍ਹਾਂ ਸਿਹਤਯਾਬ ਵੀ ਨਹੀਂ ਤੇ ਹਾਲੇ ਵੀ ਸਮਾਜ ਵਿਚ ਸ਼ੋਸ਼ਣ ਦਾ ਸ਼ਿਕਾਰ ਵੀ ਹੈ। ਉਨ੍ਹਾਂ ਨੇ ਕੁਝ ਘਟਨਾਵਾਂ ਤੇ ਅੰਕੜਿਆਂ ਦੇ ਆਧਾਰ ‘ਤੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ, ਜਿਸ ਨੇ ਸਭ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਨੇ ਬਾਲੜੀਆਂ ਦੇ ਹੁੰਦੇ ਬਲਾਤਕਾਰ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਨਾਰੀ ਦਾ ਆਪਣੇ ਆਪ ਨੂੰ ਸੁਰੱਖਿਤ ਨਾ ਸਮਝਣ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਨੇ ਅਜਿਹੀਆਂ ਉਦਾਹਰਣਾਂ ਵੀ ਦਿੱਤੀਆਂ, ਜਿਹੜੀਆਂ ਇੱਕਵੀਂ ਸਦੀ ਦੀ ਔਰਤ ਨੂੰ ਹਾਲੇ ਵੀ ਇੱਕ ਚੁਣੌਤੀ ਅਤੇ ਚਿੰਤਾ ਨਾਲ ਘੇਰਦੀਆਂ ਹਨ। ਉਨ੍ਹਾਂ ਨੇ ਔਰਤ ਦੀ ਮਾਨਸਿਕ ਅਤੇ ਸਮਾਜਿਕ ਪੀੜਾ ਦੀ ਗੱਲ ਕੀਤੀ। ਪਰਿਵਾਰਿਕ ਮੁਸ਼ਕਿਲਾਂ ਦੇ ਨਾਲ-ਨਾਲ ਔਰਤਾਂ ਨੂੰ ਸਟੇਟਸ ਸਿੰਬਲ ਦੇ ਰੂਪ ਵਿਚ ਵੀ ਆਪਣੀਆਂ ਭਾਵਨਾਵਾਂ ਦੀ ਕੁਰਬਾਨੀ ਦੇਣੀ ਪੈਂਦੀ ਹੈ। ਉਨ੍ਹਾਂ ਨੇ ਆਪਣੇ ਡਾਕਟਰੀ ਪੇਸ਼ੇ ਦੇ ਅਨੁਭਵ ਦੇ ਆਧਾਰ ‘ਤੇ ਚਾਰ-ਪੰਜ ਅਜਿਹੇ ਕੇਸ ਦਰਸ਼ਕਾਂ ਨਾਲ ਸਾਂਝੇ ਕੀਤੇ, ਜਿਨ੍ਹਾਂ ਵਿਚ ਔਰਤ ਨੂੰ ਇੱਕ ਮਾਨਣ ਵਾਲੀ ਵਸਤੂ ਦੇ ਤੌਰ ‘ਤੇ ਸਮਝ ਕੇ ਉਸ ਨਾਲ ਜਾਨਵਰਾਂ ਤੋਂ ਵੀ ਬਦਤਰ ਵਿਹਾਰ ਕੀਤਾ ਗਿਆ ਦੱਸਿਆ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਹਾਲੇ ਵੀ ਔਰਤਾਂ ਨੂੰ ਸੈਕਿੰਡ ਸਿਟੀਜ਼ਨ ਸਮਝਿਆ ਜਾਂਦਾ ਹੈ। ਉਨ੍ਹਾਂ ਨਾਰੀ ਨੂੰ ਆਪਣੇ ਹੱਕਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ। ਪ੍ਰੋ. ਕੁਲਜੀਤ ਕੌਰ ਨੇ ਨਾਰੀ ਦੀ ਜ਼ਿੰਦਗੀ ਨੂੰ ਸਹਿਣਸ਼ੀਲਤਾ, ਸਮਰਪਣ, ਸੰਵੇਦਨਾ ਅਤੇ ਸਾਦਗੀ ਦੇ ਦਾਇਰੇ ਵਿਚ ਵਿਚਰਦੀ ਦੱਸਿਆ। ਉਨ੍ਹਾਂ ਕਿਹਾ ਕਿ ਅਜੋਕੀ ਨਾਰੀ ਦੀ ਦੌੜ ਅੱਗੇ ਨਿਕਲਣ ਦੀ ਨਹੀਂ, ਸਗੋਂ ਬਰਾਬਰਤਾ ਦੀ ਹੈ। ਡਾ. ਪੁਸ਼ਵਿੰਦਰ ਨੇ ਕਿਹਾ ਕਿ ਔਰਤ ਸ਼ੁਰੂ ਤੋਂ ਹੀ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਦੇ ਦਿਨ ਦੀ ਸਾਰਥਕਤਾ ਇਹੀ ਹੈ ਕਿ ਇੱਕ ਔਰਤ ਦੂਸਰੀ ਔਰਤ ਦਾ ਸਤਿਕਾਰ ਕਰੇ। ਹੋਰ ਵੀ ਬਹੁਤ ਮਹੱਤਵਪੂਰਨ ਨੁਕਤੇ ਉਨ੍ਹਾਂ ਸਾਂਝੇ ਕੀਤੇ। ਡਾ. ਨਿਗਹਤ ਖ਼ੁਰਸ਼ੀਦ ਨੇ ਦੱਸਿਆ ਕਿ ਔਰਤ ਭਾਵੇਂ ਲਹਿੰਦੇ ਦੀ ਹੈ ਜਾਂ ਚੜ੍ਹਦੇ ਦੀ, ਕੈਨੇਡਾ, ਇੰਗਲੈਂਡ, ਅਮਰੀਕਾ ਜਾਂ ਕਿਸੇ ਵੀ ਮੁਲਕ ਦੀ ਹੋਵੇ, ਉਸਦੇ ਮਸਲੇ ਇੱਕੋ ਜਿਹੇ ਹਨ। ਸ. ਮਲੂਕ ਸਿੰਘ ਕਾਹਲੋਂ ਨੇ ਸਾਕਾਰਾਤਮਕ ਸੋਚ ਦਾ ਮਹੱਤਵ ਦੱਸਦਿਆਂ ਨਾਰੀ ਪ੍ਰਤੀ ਸਮਾਜਿਕ ਸੋਚ ਦੇ ਨਾਲ-ਨਾਲ ਸਿਸਟਮ ਦੀਆਂ ਖਾਮੀਆਂ ਬਾਰੇ ਵੀ ਜ਼ਿਕਰ ਕੀਤਾ। ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਨੇ ਮਹਿਲਾ ਦਿਵਸ ਮੌਕੇ ਇਸ ਵਧਾਈ ਦਿੱਤੀ ਤੇ ਪ੍ਰੋਗਰਾਮ ਦੀ ਸਰਾਹੁਣਾ ਵੀ ਕੀਤੀ ।
ਡਾ. ਪ੍ਰਿਤਪਾਲ ਕੌਰ ਚਾਹਲ ਨੇ ਆਪਣੀ ਨਜ਼ਮ (ਖੁੱਦ ‘ਚੋਂ ਖੁਦਾ ਦੀ ਤਲਾਸ਼ ਅਤੇ ਛੱਲਾ) ਬਹੁਤ ਸੁਰੀਲੀ ਆਵਾਜ਼ ਵਿਚ ਗਾ ਕੇ ਸੁਣਾਈਆਂ। ਗਿੰਮੀ ਸ਼ਗੂਫ਼ਤਾ ਜੀ ਨੇ ਬਹੁਤ ਭਾਵਪੂਰਤ ਨਜ਼ਮ (ਮੈਂ ਪੜ੍ਹਣਾ ਚਾਹੁੰਦੀ ਸੀ) ਨੂੰ ਪੇਸ਼ ਕੀਤਾ। ਡਾ. ਨੀਨਾ ਸੈਣੀ ਨੇ ਆਪਣੀ ਮਾਂ ਬਾਰੇ ਦਿਲ ਨੂੰ ਛੂੰਹਦੀ ਇਕ ਨਜ਼ਮ ਸੁਣਾਈ। ਸੁਰਿੰਦਰ ਕੌਰ ਭੋਗਲ ਨੇ (ਹੁਣ ਲੁੱਕ ਲੁੱਕ ਕਿਉਂ ਰੌਣੀ ਏ ਮਾਏ) ਬਹੁਤ ਭਾਵਪੂਰਤ ਨਜ਼ਮ ਨੂੰ ਗਾ ਕੇ ਸੁਣਾਇਆ।
ਅੰਤ ਵਿਚ ਚੇਅਰਮੈਨ ਸ. ਪਿਆਰਾ ਕੁੱਦੋਵਾਲ ਨੇ ਪ੍ਰੋਗਰਾਮ ਨੂੰ ਸਮਅਪ ਕਰਦਿਆਂ ਕਿਹਾ ਕਿ ਵਿਦਵਾਨਾਂ ਤੋਂ ਬਹੁਤ ਹੀ ਭਾਵਪੂਰਤ ਗੱਲਾਂ ਸੁਨਣ ਨੂੰ ਮਿਲੀਆਂ। ਉਨ੍ਹਾਂ ਨੇ ਕਿਹਾ ਕਿ ਡਾ. ਸੋਹਲ ਨੇ ਆਪਣੀ ਨਜ਼ਮ ਵਿਚ ਲੜਕੀਆਂ ਦੇ ਬਹੁਤ ਮਹੀਨ ਮਸਲਿਆਂ ਨੂੰ ਵੀ ਬਹੁਤ ਭਾਵਪੂਰਤ ਤਰੀਕੇ ਨਾਲ ਪੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਪ੍ਰੋ. ਕੁਲਜੀਤ ਜੀ ਨੇ ਔਰਤ ਦੀ ਬਰਾਬਰੀ ਦੀ ਗੱਲ ਕੀਤੀ ਤੇ ਪੋਜ਼ਿਟੀਵਿਟੀ ਦੀ ਗੱਲ ਵੀ ਕੀਤੀ। ਪਿਆਰਾ ਸਿੰਘ ਨੇ ਅੰਤ ਵਿਚ ਇਹ ਕਿਹਾ ਕਿ ਅੱਜ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਅਸੀਂ ਯੂਨੀਵਰਿਸਟੀ ਦੇ ਕਿਸੇ ਹਾਲ ਵਿਚ ਬੈਠੇ ਹੋਈਏ ਤੇ ਵਿਦਵਾਨਾਂ ਵੱਲੋਂ ਪਰਚੇ ਪੜ੍ਹੇ ਗਏ ਹੋਣ ਤੇ ਵਿਚਾਰ ਚਰਚਾ ਕੀਤੀ ਗਈ ਹੋਵੇ। ਉਨ੍ਹਾਂ ਆਪਣੀਆਂ ਮੁਲਵਾਨ ਅਤੇ ਉਤਸ਼ਾਹ ਵਧਾਊ ਟਿੱਪਣੀਆਂ ਰਾਹੀਂ ਔਰਤ ਦੀ ਵਰਤਮਾਨ ਸਥਿਤੀ ਬਾਰੇ ਵੀ ਸੂਖਮ ਤੇ ਸੰਵੇਦਨਾ ਭਰਪੂਰ ਵਿਚਾਰ ਸਾਂਝੇ ਕੀਤੇ। ਅੰਤ ਵਿਚ ਉਨ੍ਹਾਂ ਨੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ। ਦੇਸ਼-ਵਿਦੇਸ਼ ਤੋਂ ਬਹੁਤ ਅਦਬੀ ਸ਼ਖ਼ਸੀਅਤਾਂ ਨੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਹ ਰਿਪੋਰਟ ਪ੍ਰੋ. ਕੁਲਜੀਤ ਜੀ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ।
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਆਨਲਾਈਨ ਕਵੀ ਦਰਬਾਰ ਅਤੇ ਵਿਚਾਰ ਚਰਚਾ ਵੈਬੀਨਾਰ ਅਮਿੱਟ ਪੈੜਾਂ ਛੱਡਦਾ ਸਮਾਪਤ

