#PUNJAB

ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਵੱਲੋਂ ਹਰਜਿੰਦਰ ਬੱਲ ਯਾਦਗਾਰੀ ਸਮਾਗਮ ਕਰਵਾਇਆ ਗਿਆ

ਜਲੰਧਰ, 8 ਨਵੰਬਰ (ਪੰਜਾਬ ਮੇਲ)- ਬੀਤੇ ਦਿਨੀਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਾਂਝਾਂ ਪਿਆਰ ਦੀਆਂ ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਵੱਲੋਂ ਹਰਜਿੰਦਰ ਬੱਲ ਯਾਦਗਾਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮਰਹੂਮ ਸ਼ਾਇਰ ਅਤੇ ਗੀਤਕਾਰ ਹਰਜਿੰਦਰ ਬੱਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਵਿਦੇਸ਼ਾਂ ਵਿਚ ਬੈਠੇ ਗਰੁੱਪ ਦੇ ਸੀਨੀਅਰ ਮੈਬਰਾਂ ਦੀ ਰਹਿਨੁਮਾਈ ਹੇਠ ਆਯੋਜਿਤ ਹੋਏ ਇਸ ਸਮਾਗਮ ਵਿਚ ਆਏ ਅਦੀਬਾਂ ਦਾ ਸੁਖਵਿੰਦਰ ਸਿੰਘ ਲੋਟੇ ਵੱਲੋਂ ਰਸਮੀ ਤੌਰ ‘ਤੇ ਸਵਾਗਤ ਕੀਤਾ ਗਿਆ। ਉੱਘੇ ਸ਼ਾਇਰ ਰਣਜੀਤ ਸਿੰਘ ਧੂਰੀ ਦੀਆਂ ਪੁਸਤਕਾਂ ‘ਵਿਹਾਰਕ ਪੰਗਲ ਅਤੇ ਵਿਹਾਰਕ ਅਰੂਜ਼’, ਅਮਰਜੀਤ ਸਿੰਘ ਜੀਤ ਦੀ ਪੁਸਤਕ ‘ਬਦਲਦੇ ਮੌਸਮਾਂ ਅੰਦਰ’, ਅਤੇ ਸੁਖਦੇਵ ਅਰਮਾਨ ਦੀ ਪੁਸਤਕ ‘ਸੈਲਫੀਆਂ ਲੈਂਦੀ ਧੁੱਪ’ ਲੋਕ ਅਰਪਿਤ ਕੀਤੀਆਂ ਗਈਆਂ। ਪੰਜਾਬੀ ਸਾਹਿਤ ਵਿਚ ਵਿਸ਼ੇਸ ਯੋਗਦਾਨ ਪਾਉਣ ਲਈ ਡਾ. ਜਸਪਾਲਜੀਤ, ਸ਼ਾਮ ਸੁੰਦਰ, ਰਣਬੀਰ ਆਕਾਸ਼, ਨਿਸ਼ਾਨ ਸਿੰਘ ਅਤੇ ਹਰਪਰੀਤ ਕੌਰ ਸਿੰਮੀ ਦਾ ਸਨਮਾਨ ਕੀਤਾ ਗਿਆ। ਹਰਜਿੰਦਰ ਬੱਲ ਦੇ ਪਰਿਵਾਰ ਵੱਲੋਂ ਬੱਲ ਸਾਹਿਬ ਦੀ ਬੇਟੀ ਰੁਪਿੰਦਰ ਕੌਰ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਸਾਂਝਾਂ ਪਿਆਰ ਦੀਆਂ ਮੰਚ ਵੱਲੋਂ ਰੁਪਿੰਦਰ ਕੌਰ ਦਾ ਸ਼ਾਲ ਅਤੇ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ।
ਉਪਰੰਤ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਡਾ. ਜਸਪਾਲਜੀਤ, ਰਣਜੀਤ ਸਿੰਘ ਧੂਰੀ, ਸੁਖਚਰਨ ਸਿੰਘ ਸਿੱਧੂ, ਕਰਮ ਸਿੰਘ ਜ਼ਖਮੀ, ਸੁਖਵਿੰਦਰ ਸਿੰਘ ਲੋਟੇ, ਸ਼ਾਮ ਸੁੰਦਰ, ਅਮਰਜੀਤ ਜੀਤ, ਪਰਮਜੀਤ ਸਿੰਘ ਢਿੱਲੋਂ ਕੈਨੇਡਾ,  ਜਸਵਿੰਦਰ ਜੱਸੀ, ਕੁਲਵਿੰਦਰ ਕੰਵਲ, ਆਤਮਾ ਰਾਮ ਰੰਜਨ, ਤਿਰਲੋਕ ਢਿੱਲੋਂ, ਜਸਵਿੰਦਰ ਜਲੰਧਰੀ, ਸੁਖਦੇਵ ਸਿੰਘ ਅਰਮਾਨ, ਸੁਖਵੀਰ ਹਸਰਤ, ਰਾਜਿੰਦਰ ਸਿੰਘ ਰਾਜਨ, ਹਰਪਰੀਤ ਕੌਰ ਸਿੰਮੀ, ਰੇਸ਼ਮ ਚਿੱਤਰਕਾਰ, ਹਰੀ ਬਿਲਾਸ, ਸੋਹਣ ਸਿੰਘ ਸੂਨੀ, ਰਣਜੀਤ ਪੋਸੀ, ਰਮੇਸ਼ ਜਾਨੂੰ ਬਟਾਲਾ ਆਦਿ ਨੇ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ। ਕੁਲਵਿੰਦਰ ਕੰਵਲ ਅਤੇ ਜਸਵਿੰਦਰ ਜੱਸੀ ਨੇ ਮੰਚ ਸੰਚਾਲਨ ਬਾਖੂਬੀ ਕੀਤਾ। ਆਤਮਾ ਰਾਮ ਰੰਜਨ ਨੇ ਆਏ ਅਦੀਬਾਂ ਦਾ ਧੰਨਵਾਦ ਕੀਤਾ। ਗਰੁੱਪ ਦੇ ਸੀਨੀਅਰ ਮੈਂਬਰ ਮਿੱਤਰਸੈਨ ਮੀਤ ਨੇ ਗਰੁੱਪ ਦੇ ਮਕਸਦ ਅਤੇ ਸਰਗਰਮੀਆਂ ਬਾਰੇ ਵਿਚਾਰ ਸਾਂਝੇ ਕੀਤੇ। ਇਹ ਸਮਾਗਮ ਅਮਿੱਟ ਪੈੜਾਂ ਛੱਡ ਗਿਆ।