#EUROPE

‘ਅੰਡਰਕਵਰ’ ਇਜ਼ਰਾਇਲੀ ਸੈਨਿਕਾਂ ਨੇ Hospital ‘ਚ ਦਾਖਲ ਹੋ ਕੇ 3 ਫਲਸਤੀਨੀ ਅੱਤਵਾਦੀ ਮਾਰੇ

-ਹਿਜਾਬ ਤੇ ਡਾਕਟਰਾਂ ਦੇ ਕੋਟ ਪਾ ਕੇ ਹਸਪਤਾਲ ‘ਚ ਕੀਤੀ ਕਾਰਵਾਈ
ਜੇਨਿਨ (ਵੈਸਟ ਬੈਂਕ), 1 ਫਰਵਰੀ (ਪੰਜਾਬ ਮੇਲ)-ਔਰਤਾਂ ਤੇ ਮੈਡੀਕਲ ਵਰਕਰਾਂ ਦੇ ਕੱਪੜਿਆਂ ‘ਚ ਆਏ ਹਥਿਆਰਬੰਦ ਇਜ਼ਰਾਈਲੀ ਬਲਾਂ ਨੇ ਆਪਣੇ ਕਬਜ਼ੇ ਵਾਲੇ ਪੱਛਮੀ ਕੰਢੇ (ਵੈਸਟ ਬੈਂਕ) ਦੇ ਇਕ ਹਸਪਤਾਲ ਵਿਚ ਦਾਖਲ ਹੋ ਕੇ ਤਿੰਨ ਫਲਸਤੀਨੀ ਦਹਿਸ਼ਤਗਰਦਾਂ ਦੀ ਹੱਤਿਆ ਕਰ ਦਿੱਤੀ। ਫਲਸਤੀਨੀ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਇਲੀ ਬਲਾਂ ਨੇ ਜੇਨਿਨ ਸ਼ਹਿਰ ਦੇ ਇਬਨ ਸੀਨਾ ਹਸਪਤਾਲ ਦੇ ਵਾਰਡਾਂ ਵਿਚ ਵੜ ਕੇ ਗੋਲੀਬਾਰੀ ਕੀਤੀ। ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਇਜ਼ਰਾਇਲੀ ਫੌਜ ਨੂੰ ਹਸਪਤਾਲਾਂ ਵਿਚ ਅਜਿਹੀ ਕਾਰਵਾਈ ਤੋਂ ਰੋਕਿਆ ਜਾਵੇ। ਹਸਪਤਾਲ ਦੇ ਇਕ ਬੁਲਾਰੇ ਨੇ ਕਿਹਾ ਕਿ ਦੂਜੇ ਪਾਸਿਓਂ ਕੋਈ ਗੋਲੀਬਾਰੀ ਨਹੀਂ ਹੋਈ ਤੇ ਵਿਅਕਤੀਆਂ ਨੂੰ ਮਿੱਥ ਕੇ ਮਾਰਿਆ ਗਿਆ। ਇਜ਼ਰਾਈਲੀ ਫੌਜ ਨੇ ਕਿਹਾ ਕਿ ਅੱਤਵਾਦੀ ਹਸਪਤਾਲ ਨੂੰ ਲੁਕਣਗਾਹ ਵਜੋਂ ਵਰਤ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਵਿਚੋਂ ਇਕ ਜਣੇ ਨੇ ਹੋਰਾਂ ਨੂੰ ਹਥਿਆਰ ਤੇ ਗੋਲੀ-ਸਿੱਕਾ ਸਪਲਾਈ ਕੀਤਾ ਸੀ। ਇਸ ਨੂੰ ਹਮਲੇ ਲਈ ਵਰਤਿਆ ਜਾਣਾ ਸੀ। ਹਸਪਤਾਲ ਦੇ ਇਕ ਸਕਿਓਰਿਟੀ ਕੈਮਰੇ ਦੀ ਫੁਟੇਜ ਵਿਚ ਕਈ ‘ਅੰਡਰਕਵਰ’ ਇਜ਼ਰਾਈਲੀ ਸੈਨਿਕ ਨਜ਼ਰ ਆ ਰਹੇ ਹਨ, ਜਿਨ੍ਹਾਂ ਕੋਲ ਹਥਿਆਰ ਹਨ। ਉਨ੍ਹਾਂ ਹਿਜਾਬ ਪਾਇਆ ਹੋਇਆ ਸੀ ਤੇ ਕਈਆਂ ਨੇ ਡਾਕਟਰਾਂ ਵਾਲੇ ਸਫੇਦ ਕੋਟ ਪਾਏ ਹੋਏ ਸਨ। ਸਰਜੀਕਲ ਮਾਸਕ ਵਾਲੇ ਇਕ ਵਿਅਕਤੀ ਕੋਲ ਹਥਿਆਰ ਸੀ। ਜ਼ਿਕਰਯੋਗ ਹੈ ਕਿ ਇਜ਼ਰਾਈਲ ਨੂੰ ਹਸਪਤਾਲਾਂ ‘ਤੇ ਹਮਲੇ ਲਈ ਆਲੋਚਨਾ ਸਹਿਣੀ ਪੈ ਰਹੀ ਹੈ।