#CANADA

ਅਲਬਰਟਾ ਦੀ ਆਜ਼ਾਦੀ ਹਾਸਲ ਕਰਨ ‘ਚ ਅਮਰੀਕੀ ਪ੍ਰਸ਼ਾਸਨ ਕਰੇਗਾ ਸਮਰਥਨ: ਜੈਫਰੀ ਰੈਥ

ਅਲਬਰਟਾ, 7 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਅਲਬਰਟਾ ਦੇ ਐਰਡਰੀ ਸਥਿਤ ਇਕ ਟਾਊਨ ਹਾਲ ਉਸ ਸਮੇਂ ਤਾੜੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ, ਜਦੋਂ ਅਲਬਰਟਾ ਦੀ ਆਜ਼ਾਦੀ ਦੀ ਮੰਗ ਕਰਨ ਵਾਲੇ ਸੰਵਿਧਾਨਕ ਵਕੀਲ ਤੇ ਐਡਵੋਕੇਟ ਜੈਫਰੀ ਰੈਥ ਨੇ ਐਲਾਨ ਕੀਤਾ ਕਿ ਅਲਬਰਟਾ ਦੇ ਆਜ਼ਾਦੀ ਹਾਸਲ ਕਰਨ ‘ਚ ਅਮਰੀਕੀ ਪ੍ਰਸ਼ਾਸਨ ਉਨ੍ਹਾਂ ਦਾ ਸਮਰਥਨ ਕਰੇਗਾ।
ਉਨ੍ਹਾਂ ਅੱਗੇ ਕਿਹਾ ਕਿ ਅਮਰੀਕੀ ਸਰਕਾਰ ਉਨ੍ਹਾਂ ਦੀ ਇਸ ਆਜ਼ਾਦੀ ਮੁਹਿੰਮ ‘ਚ ਉਨ੍ਹਾਂ ਦਾ ਸਾਥ ਦੇਵੇਗੀ ਤੇ ਅਲਬਰਟਾ ਦੇ ਤੇਲ ਭੰਡਾਰ ਨੂੰ ਓਟਾਵਾ ਦੀ ਸਰਕਾਰ ਵਾਲੇ ਚੀਨੀ ਕਮਿਊਨਿਸਟਾਂ ਤੋਂ ਵੀ ਆਜ਼ਾਦ ਕਰਾਏਗੀ।
ਜ਼ਿਕਰਯੋਗ ਹੈ ਕਿ ਅਲਬਰਟਾ ਕੈਨੇਡਾ ਦਾ ਹੀ ਇਕ ਸੂਬਾ ਹੈ, ਪਰ 20ਵੀਂ ਸਦੀ ਤੋਂ ਹੀ ਕੁਝ ਵੱਖਵਾਦੀ ਆਗੂ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਦੇਸ਼ ਬਣਾਉਣ ਦੀ ਮੰਗ ਕਰ ਰਹੇ ਹਨ। ਉਹ ਜਾਂ ਤਾਂ ਇਸ ਨੂੰ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਹਨ, ਜਾਂ ਫ਼ਿਰ ਇਸ ਨੂੰ ਅਮਰੀਕਾ ਦਾ ਸੂਬਾ ਐਲਾਨੇ ਜਾਣ ਦੀ ਮੰਗ ਕਰ ਰਹੇ ਹਨ।