#AMERICA

ਅਰਾਦਸ ਨੂੰ ਲੈ ਕੇ ਹਰਮੀਤ ਢਿੱਲੋਂ ‘ਤੇ ਹੋਈਆਂ ਟਿੱਪਣੀਆਂ ਦੀ ਭਾਰਤੀ-ਅਮਰੀਕੀ ਸਾਂਸਦ ਨੇ ਨਿੰਦਾ ਕੀਤੀ

ਵਾਸ਼ਿੰਗਟਨ, 20 ਜੁਲਾਈ (ਪੰਜਾਬ ਮੇਲ)- ਭਾਰਤੀ-ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਾ ਮੂਰਤੀ ਨੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿਚ ਕੀਤੀ ਅਰਦਾਸ ਨੂੰ ਲੈ ਕੇ ਪਾਰਟੀ ਮੈਂਬਰ ਹਰਮੀਤ ਢਿੱਲੋਂ ਵਿਰੁੱਧ ਸੋਸ਼ਲ ਮੀਡੀਆ ‘ਤੇ ਹੋਈਆਂ ਨਸਲੀ ਟਿੱਪਣੀਆਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਨੂੰ ਕਦੇ ਸਵਿਕਾਰ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਮੈਂਬਰ ਅਤੇ ਨਾਗਰਿਕ ਅਧਿਕਾਰਾਂ ਦੇ ਮੁੱਦਿਆਂ ਤੇ ਵਕੀਲ ਰਹੀ ਢਿੱਲੋਂ ਨੇ ਪਿਛਲੇ ਸੋਮਵਾਰ ਸ਼ੁਰੂ ਹੋਏ ਚਾਰ ਰੋਜ਼ਾ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਮੌਕੇ ਅਰਦਾਸ ਕੀਤੀ ਸੀ, ਜਿਸ ਦੌਰਾਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਵੀ ਮੌਜੂਦ ਸਨ।

ਮਿਲਵਾਕੀ ਵਿਚ ਕਨਵੈਨਸ਼ਨ ‘ਚ ਸ਼ਾਮਲ ਢਿੱਲੋਂ ਨੂੰ ਅਰਦਾਸ ਕਰਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।  ਇਲੀਨੋਇਸ ਤੋਂ ਚਾਰ ਵਾਰ ਸੰਸਦ ਮੈਂਬਰ ਚੁਣੇ ਗਏ ਕ੍ਰਿਸ਼ਨਾਮੂਰਤੀ ਡੈਮੋਕਰੈਟਿਕ ਪਾਰਟੀ ਦੇ ਆਗੂ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਨਸਲ ਜਾਂ ਧਰਮ ਦੇ ਅਧਾਰ ਤੇ ਵਿਤਕਰੇ ਲਈ ਕੋਈ ਥਾਂ ਨਹੀਂ ਹੈ, ਜਦੋਂ ਅਜਿਹਾ ਹੁੰਦਾ ਹੈ ਤਾਂ ਡੈਮੋਕਰੇਟਿਕ ਅਤੇ ਰਿਪਬਲਿਕਨ ਪਾਰਟੀਆਂ ਦੋਵਾਂ ਨੂੰ ਇਸ ਦੀ ਸਖ਼ਤ ਨਿੰਦਾ ਕਰਨੀ ਚਾਹੀਦੀ ਹੈ।