#AMERICA

ਅਮਰੀਕੀ Court ਵੱਲੋਂ ਭਾਰਤੀ-ਅਮਰੀਕੀ ਕਾਰੋਬਾਰੀ ਨੂੰ ਆਪਣੇ ਚਾਰ ਭਰਾਵਾਂ ਨੂੰ 7 ਬਿਲੀਅਨ ਅਮਰੀਕੀ ਡਾਲਰ  ਦੇਣ ਦਾ ਹੁਕਮ ਜਾਰੀ

– ਲਾਸ ਏਂਜਲਸ ਅਮਰੀਕਾ ‘ਚ ਪੰਜ ਜੋਗਾਨੀ ਭਰਾਵਾਂ ਵਿਚਾਲੇ 21 ਸਾਲ ਪੁਰਾਣਾ ਸੀ ਜਾਇਦਾਦ ਦਾ ਝਗੜਾ
ਨਿਊਯਾਰਕ, 4 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਕੈਲੀਫੋਰਨੀਆ ਸੂਬੇ ਦੇ ਲਾਸ ਏਂਜਲਸ ਦੀ ਇਕ ਅਦਾਲਤ ਨੇ ਇਕ ਭਾਰਤੀ-ਅਮਰੀਕੀ ਗੁਜਰਾਤੀ ਮੂਲ ਦੇ ਪੰਜ ਭਰਾਵਾਂ ਦੇ 21 ਸਾਲ ਪੁਰਾਣੇ ਕਾਨੂੰਨੀ ਮਾਮਲੇ ਵਿਚ ਇਤਿਹਾਸਕ ਫੈਸਲਾ ਸੁਣਾਇਆ ਹੈ। ਲਾਸ ਏਂਜਲਸ ਵਿਚ ਹੀਰਿਆਂ ਅਤੇ ਰੀਅਲ ਅਸਟੇਟ ਵਿਚ ਕਰੋੜਾਂ ਰੁਪਏ ਦੀ ਜਾਇਦਾਦ ਇਕੱਠੀ ਕਰਨ ਵਾਲੇ ਗੁਜਰਾਤੀ ਮੂਲ ਦੇ ਪੰਜ ਭਰਾਵਾਂ ਵਿਚੋਂ ਇੱਕ ਹਰੇਸ਼ ਜੋਗਾਨੀ ਨੂੰ 2.5 ਬਿਲੀਅਨ ਡਾਲਰ ਯਾਨੀ ਕਿ 20,000 ਕਰੋੜ ਰੁਪਏ ਦਾ ਮੁਆਵਜ਼ੇ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਹਰੇਸ਼ ਜੋਗਾਨੀ ਨੂੰ ਦੱਖਣੀ ਕੈਲੀਫੋਰਨੀਆ ਦੀ ਜਾਇਦਾਦ ਦੇ ਸ਼ੇਅਰ ਦੋਵਾਂ ਵਿਚਾਲੇ ਵੰਡਣ ਦਾ ਵੀ ਹੁਕਮ ਦਿੱਤਾ ਹੈ। ਇਸ ਸੰਪਤੀ ਵਿਚ 17,000 ਹਜ਼ਾਰ ਅਪਾਰਟਮੈਂਟ ਸ਼ਾਮਲ ਹਨ। ਹਰੇਸ਼ ਜੋਗਾਨੀ ਦੇ ਆਪਣੇ ਭਰਾਵਾਂ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਾਂਝੇਦਾਰੀ ਨੂੰ ਤੋੜਨ ਦੇ ਦੋਸ਼ ਵਿਚ ਅਮਰੀਕਾ ਵਿਚ ਕੇਸ ਦਾਇਰ ਕੀਤਾ ਗਿਆ ਸੀ। ਪੰਜ ਮਹੀਨਿਆਂ ਦੇ ਮੁਕੱਦਮਿਆਂ ਦੀ ਲੜੀ ਤੋਂ ਬਾਅਦ, ਇਸ ਹਫ਼ਤੇ ਅਦਾਲਤ ਦੀ ਇੱਕ ਜਿਊਰੀ ਨੇ ਹਰੇਸ਼ ਜੋਗਾਨੀ ਨੂੰ ਉਸ ਦੇ ਭਰਾਵਾਂ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ। ਇਹ ਹੁਕਮ ਦਹਾਕਿਆਂ ਵਿਚ ਅਮਰੀਕੀ ਨਿਆਂਇਕ ਦੇ ਇਤਿਹਾਸ ਵਿਚ ਸਭ ਤੋਂ ਵੱਡੇ ਹੁਕਮਾਂ ਵਿਚੋਂ ਇੱਕ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ‘ਚ ਵੱਸਦੇ ਗੁਜਰਾਤ ਦੇ ਇਸ ਮਸ਼ਹੂਰ ਹੀਰਾ ਵਪਾਰੀ ਪਰਿਵਾਰ ਨੇ ਆਪਣਾ ਕਾਰੋਬਾਰ ਯੂਰਪ, ਅਫਰੀਕਾ, ਮੱਧ ਪੂਰਬ ਅਤੇ ਅਮਰੀਕਾ ਵਿਚ ਫੈਲਾਇਆ ਅਤੇ ਉੱਤਰੀ ਅਮਰੀਕਾ ਵਿਚ ਆਪਣਾ ਅਧਾਰ ਸਥਾਪਿਤ ਕੀਤਾ। ਸਾਲ 2003 ਵਿਚ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਸ਼ਸ਼ੀਕਾਂਤ ਉਰਫ਼ ਸ਼ਸ਼ੀ ਜੋਗਾਨੀ 1969 ਵਿਚ 22 ਸਾਲ ਦੀ ਉਮਰ ਵਿਚ ਕੈਲੀਫੋਰਨੀਆ (ਅਮਰੀਕਾ) ਆਇਆ ਸੀ। ਜਿੱਥੇ ਉਸਨੇ ਸਿੰਗਲ ਕੰਪਨੀ ਦੇ ਤੌਰ ‘ਤੇ ਹੀਰਿਆ ਅਤੇ ਰੀਅਲ ਅਸਟੇਟ ਦਾ ਕਾਰੋਬਾਰ ਸ਼ੁਰੂ ਕੀਤਾ। ਸ਼ਸ਼ੀ ਜੋਗਾਨੀ ਨੂੰ 1990 ਦੇ ਦਹਾਕੇ ਦੇ ਸ਼ੁਰੂ ਦੀ ਮੰਦੀ ਦੌਰਾਨ ਭਾਰੀ ਨੁਕਸਾਨ ਝੱਲਣਾ ਵੀ ਪਿਆ ਅਤੇ 1994 ਦੇ ਭੂਚਾਲ ਤੋਂ ਬਾਅਦ ਉਨ੍ਹਾਂ ਨੇ ਭਰਾਵਾਂ ਨੂੰ ਆਪਣੀ ਕੰਪਨੀ ਵਿਚ ਭਾਈਵਾਲ ਬਣਾਇਆ। ਹਰੇਸ਼ ਅਤੇ ਉਸਦੇ ਪਰਿਵਾਰ ਨੇ ਫਿਰ ਵਪਾਰਕ ਪ੍ਰਾਪਤੀਆਂ ਦੀ ਇੱਕ ਲੜੀ ਸ਼ੁਰੂ ਕੀਤੀ ਅਤੇ 17,000 ਅਪਾਰਟਮੈਂਟਾਂ ਦਾ ਸਾਮਰਾਜ ਕੈਲੀਫੋਰਨੀਆ ਵਿਚ ਸਥਾਪਿਤ ਕੀਤਾ। ਹਾਂਲਾਕਿ ਮਾਮਲੇ ‘ਚ ਦਰਜ ਸ਼ਿਕਾਇਤ  ਮੁਤਾਬਕ ਹਰੇਸ਼ ਨੇ ਇਕ ਦਿਨ ਜ਼ਬਰਦਸਤੀ ਆਪਣੇ ਭਰਾਵਾਂ ਨੂੰ ਕੰਪਨੀ ਦੇ ਪ੍ਰਬੰਧਕਾਂ ਤੋਂ ਹਟਾ ਦਿੱਤਾ ਅਤੇ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ। ਹਰੇਸ਼ ਜੋਗਾਨੀ ਨੇ ਦਲੀਲ ਦਿੱਤੀ ਕਿ ਲਿਖਤੀ ਸਮਝੌਤੇ ਤੋਂ ਬਿਨਾਂ ਉਸ ਦਾ ਭਰਾ ਇਹ ਸਾਬਤ ਨਹੀਂ ਕਰ ਸਕਦਾ ਸੀ ਕਿ ਉਨ੍ਹਾਂ ਵਿਚਕਾਰ ਕੋਈ ਭਾਈਵਾਲੀ ਸੀ। ਪਰ ਗਵਾਹਾਂ ਨੂੰ ਸੁਣਨ ਤੋਂ ਬਾਅਦ, ਜਿਊਰੀ ਨੇ ਪਾਇਆ ਕਿ ਹਰੇਸ਼ ਨੇ ਜ਼ੁਬਾਨੀ ਇਕਰਾਰਨਾਮੇ ਦੀ ਉਲੰਘਣਾ ਕੀਤੀ ਸੀ। ਸ਼ਸ਼ੀ ਜੋਗਾਨੀ ਦੇ ਵਕੀਲ ਸਟੀਵ ਫਰੀਡਮੈਨ ਨੇ ਦਲੀਲ ਦਿੱਤੀ ਕਿ ਗੁਜਰਾਤੀਆਂ ਅਤੇ ਹੀਰਾ ਵਪਾਰੀਆਂ ਦਾ ਜ਼ੁਬਾਨੀ ਇਕਰਾਰਨਾਮਾ ਹੁੰਦਾ ਹੈ, ਜੋ ਲਿਖਤੀ ਇਕਰਾਰਨਾਮੇ ਜਿੰਨਾ ਹੀ ਕੀਮਤੀ ਹੁੰਦਾ ਹੈ। ਜਿਊਰੀ ਨੇ ਸਿੱਟਾ ਕੱਢਿਆ ਕਿ ਸ਼ਸ਼ੀ, ਜੋ ਹੁਣ 77 ਸਾਲ ਦੇ ਹਨ, ਰੀਅਲ ਅਸਟੇਟ ਹਿੱਸੇਦਾਰੀ ਦੇ 50 ਪ੍ਰਤੀਸ਼ਤ ਦੇ ਮਾਲਕ ਹਨ। ਇਸ ਤੋਂ ਬਾਅਦ 24 ਫੀਸਦੀ ਹਿੱਸਾ ਹਰੇਸ਼ ਜੋਗਾਨੀ ਦਾ, 10 ਫੀਸਦੀ ਰਾਜੇਸ਼ ਜੋਗਾਨੀ ਦਾ, 9.5 ਫੀਸਦੀ ਸ਼ੈਲੇਸ਼ ਜੋਗਾਨੀ ਦਾ ਅਤੇ 6.5 ਫੀਸਦੀ ਚੇਤਨ ਜੋਗਾਨੀ ਦਾ ਹੈ। ਹਰੇਸ਼ ਜੋਗਾਨੀ ਦੁਆਰਾ ਹੀਰੇ ਦੀ ਭਾਈਵਾਲੀ ਦੀ ਉਲੰਘਣਾ ਕਰਨ ਲਈ ਆਪਣੇ ਭਰਾਵਾਂ ਚੇਤਨ ਜੋਗਾਨੀ ਅਤੇ ਰਾਜੇਸ਼ ਜੋਗਾਨੀ ਨੂੰ 16.5 ਕਰੋੜ ਰੁਪਏ ਦਿੱਤੇ ਗਏ। ਨਾਲ ਹੀ, ਸ਼ਸ਼ੀ ਜੋਗਾਨੀ ਨੂੰ 1.8 ਬਿਲੀਅਨ ਡਾਲਰ, ਚੇਤਨ ਜੋਗਾਨੀ ਨੂੰ 23.4 ਮਿਲੀਅਨ ਡਾਲਰ ਅਤੇ ਰਾਜੇਸ਼ ਜੋਗਾਨੀ ਨੂੰ 36 ਮਿਲੀਅਨ ਡਾਲਰ ਰੀਅਲ ਅਸਟੇਟ ਸਾਂਝੇਦਾਰੀ ਦੀ ਉਲੰਘਣਾ ਲਈ ਇਨਾਮ ਵਜੋਂ ਦਿੱਤੇ ਗਏ ਹਨ। ਇਹ ਕੇਸ ਸਾਲ 2003 ਵਿਚ ਦਾਇਰ ਕੀਤਾ ਗਿਆ ਸੀ ਅਤੇ ਲਾਸ ਏਂਜਲਸ ਸੁਪੀਰੀਅਰ ਕੋਰਟ ਵਿਚ 18 ਅਪੀਲਾਂ ਕੀਤੀਆਂ ਗਈਆਂ ਸਨ।