#AMERICA

ਅਮਰੀਕੀ ਹਵਾਈ ਸੈਨਾ ਨੇ ਏ.ਆਈ. ਸੰਚਾਲਿਤ ਐੱਫ-16 ਲੜਾਕੂ ਜਹਾਜ਼ ਉਡਾਇਆ

ਕੈਲੀਫੋਰਨੀਆ, 4 ਮਈ (ਪੰਜਾਬ ਮੇਲ)- ਅਮਰੀਕੀ ਹਵਾਈ ਫੌਜ ਨੇ ਇਕ ਪ੍ਰਯੋਗਾਤਮਕ ਐੱਫ.-16 ਲੜਾਕੂ ਜਹਾਜ਼ ਉਡਾਇਆ ਪਰ ਇਸ ਜਹਾਜ਼ ਨੂੰ ਕਿਸੇ ਮਨੁੱਖੀ ਪਾਇਲਟ ਨੇ ਨਹੀਂ, ਸਗੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨੇ ਕੰਟਰੋਲ ਕੀਤਾ ਸੀ ਅਤੇ ਦੇਸ਼ ਦੀ ਹਵਾਈ ਫੌਜ ਦੇ ਸਕੱਤਰ ਫਰੈਂਕ ਕੇਂਡਲ ਜਹਾਜ਼ ‘ਚ ਸਵਾਰ ਸਨ। ਏ.ਆਈ. ਫੌਜੀ ਹਵਾਬਾਜ਼ੀ ਦੇ ਖੇਤਰ ਵਿਚ ਸਭ ਤੋਂ ਵੱਡੀ ਤਰੱਕੀ ਵਿਚੋਂ ਇੱਕ ਹੈ। ਹਾਲਾਂਕਿ ਇਸਦੀ ਤਕਨਾਲੋਜੀ ਪੂਰੀ ਤਰ੍ਹਾਂ ਵਿਕਸਤ ਨਹੀਂ ਹੈ, ਯੂ.ਐੱਸ. ਏਅਰ ਫੋਰਸ ਦਾ ਟੀਚਾ 2028 ਤੱਕ 1,000 ਤੋਂ ਵੱਧ ਏ.ਆਈ.-ਸੰਚਾਲਿਤ ਮਨੁੱਖ ਰਹਿਤ ਲੜਾਕੂ ਜਹਾਜ਼ਾਂ ਨੂੰ ਚਲਾਉਣ ਦਾ ਹੈ।
ਪ੍ਰਯੋਗਾਤਮਕ ਐੱਫ-16 ਲੜਾਕੂ ਜਹਾਜ਼ ਨੇ ਐਡਵਰਡਸ ਏਅਰ ਫੋਰਸ ਬੇਸ ਤੋਂ ਉਡਾਣ ਭਰੀ। ਕੇਂਡਲ ਨੇ ਭਵਿੱਖ ਦੇ ਹਵਾਈ ਯੁੱਧ ਵਿਚ ਏਆਈ-ਸੰਚਾਲਿਤ ਜੰਗੀ ਜਹਾਜ਼ਾਂ ਦੀ ਭੂਮਿਕਾ ਦੀ ਪੜਚੋਲ ਕਰਨ ਲਈ ਜਹਾਜ਼ ਵਿਚ ਉਡਾਣ ਭਰੀ। ਕੇਂਡਲ ਨੇ ਉਡਾਣ ਦੇ ਬਾਅਦ ਕਿਹਾ, ”ਇਸ ਨੂੰ ਸੇਵਾ ਵਿਚ ਨਾ ਰੱਖਣਾ ਇੱਕ ਸੁਰੱਖਿਆ ਜ਼ੋਖਮ ਹੈ, ਇਸ ਲਈ ਸਾਨੂੰ ਯਕੀਨੀ ਤੌਰ ‘ਤੇ ਇਸਦੀ ਲੋੜ ਹੈ।” ਜਹਾਜ਼ ਨੇ 550 ਮੀਲ ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਉਡਾਣ ਭਰੀ।