#AMERICA

ਅਮਰੀਕੀ ਹਮਲਿਆਂ ਨੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਕਈ ਮਹੀਨੇ ਪਿੱਛੇ ਧੱਕਿਆ: ਰਿਪੋਰਟ

ਵ੍ਹਾਈਟ ਹਾਊਸ ਨੇ ਖੁਫੀਆ ਸਮੀਖਿਆ ਨੂੰ ਟਰੰਪ ਤੇ ਹੋਰਨਾਂ ਸਿਖਰਲੇ ਅਧਿਕਾਰੀਆਂ ਦੇ ਦਾਅਵਿਆਂ ਦੇ ਉਲਟ ਦੱਸਿਆ
ਅਮਰੀਕੀ ਰੱਖਿਆ ਮੰਤਰੀ ਹੇਗਸੇਥ ਨੇ ਆਪਣੇ ਸਟੈਂਡ ਨੂੰ ਦੁਹਰਾਇਆ
ਵਾਸ਼ਿੰਗਟਨ, 25 ਜੂਨ (ਪੰਜਾਬ ਮੇਲ)- ਅਮਰੀਕਾ ਵੱਲੋਂ ਕੀਤੀ ਇਕ ਮੁੱਢਲੀ ਖੁਫੀਆ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਵੱਲੋਂ ਪਿਛਲੇ ਹਫ਼ਤੇ ਦੇ ਅਖੀਰ ਵਿਚ ਇਰਾਨ ਦੇ ਪ੍ਰਮਾਣੂ ਟਿਕਾਣਿਆਂ ‘ਤੇ ਹਮਲੇ ਨਾਲ ਤਹਿਰਾਨ ਦਾ ਪ੍ਰਮਾਣੂ ਪ੍ਰੋਗਰਾਮ ਕੁਝ ਮਹੀਨਿਆਂ ਲਈ ਪਿੱਛੇ ਧੱਕਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਮੁੱਢਲੀ ਰਿਪੋਰਟ ਰੱਖਿਆ ਖੁਫੀਆ ਏਜੰਸੀ ਵੱਲੋਂ ਤਿਆਰ ਕੀਤੀ ਗਈ ਸੀ, ਜੋ ਪੈਂਟਾਗਨ ਦੀ ਖੁਫ਼ੀਆ ਸ਼ਾਖਾ ਹੈ ਤੇ 18 ਅਮਰੀਕੀ ਖੁਫੀਆ ਏਜੰਸੀਆਂ ਵਿਚੋਂ ਇਕ ਹੈ। ਸੂਤਰਾਂ ਨੇ ਕਲਾਸੀਫਾਈਡ ਜਾਣਕਾਰੀ ਨਾਲ ਜੁੜੇ ਮਸਲਿਆਂ ‘ਤੇ ਚਰਚਾ ਕਰਨ ਲਈ ਨਾਮ ਨਾ ਛਾਪਣ ਦੀ ਬੇਨਤੀ ਕੀਤੀ ਹੈ।
ਤਿੰਨ ਸੂਤਰਾਂ ਮੁਤਾਬਕ ਇਸ ਖੁਫੀਆ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਇਰਾਨ ਆਪਣਾ ਪ੍ਰਮਾਣੂ ਪ੍ਰੋਗਰਾਮ ਅਗਲੇ ਕੁਝ ਮਹੀਨਿਆਂ ਵਿਚ ਸ਼ੁਰੂ ਕਰ ਸਕਦਾ ਹੈ ਤੇ ਇਨ੍ਹਾਂ ਵਿਚੋਂ ਇਕ ਨੇ ਕਿਹਾ ਕਿ ਇਹ ਅਗਲੇ ਇਕ ਜਾਂ ਦੋ ਮਹੀਨਿਆਂ ਵਿਚ ਸ਼ੁਰੂ ਹੋ ਸਕਦਾ ਹੈ। ਇਹ ਕਲਾਸੀਫਾਈਡ ਸਮੀਖਿਆ ਰਾਸ਼ਟਰਪਤੀ ਡੋਨਲਡ ਟਰੰਪ ਤੇ ਰੱਖਿਆ ਸਕੱਤਰ ਪੀਟ ਹੇਗਸੇਥ ਸਮੇਤ ਸਿਖਰਲੇ ਅਮਰੀਕੀ ਅਧਿਕਾਰੀਆਂ ਦੇ ਬਿਆਨਾਂ ਦੇ ਉਲਟ ਹੈ। ਟਰੰਪ ਸਣੇ ਇਨ੍ਹਾਂ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਹਫ਼ਤੇ ਕੀਤੇ ਹਮਲਿਆਂ, ਜਿਸ ਵਿਚ ਬੰਕਰ-ਬਸਟਿੰਗ ਬੰਬਾਂ ਅਤੇ ਹੋਰ ਰਵਾਇਤੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ, ਨੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਅਸਲ ਵਿਚ ਖਤਮ ਕਰ ਦਿੱਤਾ ਹੈ।
ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਉਸ ਵੱਲੋਂ ਪਿਛਲੇ ਹਫ਼ਤੇ ਦੇ ਅਖੀਰ ਵਿਚ ਕੀਤੇ ਹਮਲਿਆਂ ਨੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ‘ਤਬਾਹ’ ਕਰ ਦਿੱਤਾ ਹੈ। ਇਸ ਸਮੀਖਿਆ ਰਿਪੋਰਟ ਬਾਰੇ ਟਿੱਪਣੀ ਲਈ ਬੇਨਤੀ ਕਰਨ ‘ਤੇ ਵ੍ਹਾਈਟ ਹਾਊਸ ਨੇ ਬੁਲਾਰੇ ਕੈਰੋਲੀਨ ਲੀਵਿਟ ਵੱਲੋਂ ਦਿੱਤੇ ਇੱਕ ਬਿਆਨ ਵੱਲ ਇਸ਼ਾਰਾ ਕੀਤਾ, ਜਿਸ ਨੇ ਸਭ ਤੋਂ ਪਹਿਲਾਂ ਮੁਲਾਂਕਣ ਰਿਪੋਰਟ ਦਿੱਤੀ ਸੀ, ਕਿ ਕਥਿਤ ‘ਸਿੱਟਾ’ ਪੂਰੀ ਤਰ੍ਹਾਂ ਗਲ਼ਤ ਸੀ। ਉਨ੍ਹਾਂ ਕਿਹਾ, ”ਹਰ ਕੋਈ ਜਾਣਦਾ ਹੈ ਕਿ ਜਦੋਂ ਤੁਸੀਂ 30,000 ਪੌਂਡ ਦੇ 14 ਬੰਬਾਂ ਨੂੰ ਉਨ੍ਹਾਂ ਦੇ ਨਿਸ਼ਾਨਿਆਂ ‘ਤੇ ਸੁੱਟਦੇ ਹੋ ਤਾਂ ਕੀ ਹੁੰਦਾ ਹੈ: ਪੂਰੀ ਤਰ੍ਹਾਂ ਤਬਾਹੀ।”
ਇੱਕ ਅਮਰੀਕੀ ਅਧਿਕਾਰੀ ਜਿਸ ਨੇ ਸਮੀਖਿਆ ਰਿਪੋਰਟ ਪੜ੍ਹੀ, ਨੇ ਨੋਟ ਕੀਤਾ ਕਿ ਇਸ ਵਿਚ ਕਈ ਚੇਤਾਵਨੀਆਂ ਅਤੇ ‘ਜੇਕਰ’ ਹਨ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿਚ ਇੱਕ ਹੋਰ ਸੁਧਰੀ ਹੋਈ ਰਿਪੋਰਟ ਦੀ ਉਮੀਦ ਕੀਤੀ ਜਾ ਰਹੀ ਹੈ। ਸਮੀਖਿਅਕਾਂ ਨੇ ਕਿਹਾ ਕਿ, ਜੇਕਰ ਮੁਲਾਂਕਣ ਉਪਗ੍ਰਹਿ ਦੀਆਂ ਤਸਵੀਰਾਂ ‘ਤੇ ਆਧਾਰਿਤ ਸੀ, ਤਾਂ ਡੂੰਘੇ ਦੱਬੇ ਫੋਰਡੋ ਸਥਿਤ ਪ੍ਰਮਾਣੂ ਟਿਕਾਣੇ (ਯੂਰੇਨੀਅਮ ਸੰਸ਼ੋਧਨ ਸਹੂਲਤ) ਨੂੰ ਪੁੱਜੇ ਨੁਕਸਾਨ ਦੀ ਹੱਦ ਦਾ ਖੁਲਾਸਾ ਕਰਨਾ ਜ਼ਰੂਰੀ ਨਹੀਂ ਹੋਵੇਗਾ। ਟਰੰਪ ਨੇ ਕਿਹਾ ਸੀ ਕਿ ਇਰਾਨ ਨੂੰ ਪ੍ਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕਣ ਲਈ ਹਮਲੇ ਜ਼ਰੂਰੀ ਸਨ। ਇਰਾਨ ਹਾਲਾਂਕਿ ਇਸ ਗੱਲ ਤੋਂ ਇਨਕਾਰ ਕਰਦਾ ਰਿਹ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਪ੍ਰਮਾਣੂ ਪ੍ਰੋਗਰਾਮ ਸ਼ਾਂਤੀਪੂਰਨ ਉਦੇਸ਼ਾਂ ਲਈ ਹੈ।