#AMERICA

ਅਮਰੀਕੀ ਸੰਸਦ ਮੈਂਬਰਾਂ ਵੱਲੋਂ Green Card ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਲਈ ਬਿੱਲ ਪੇਸ਼

ਵਾਸ਼ਿੰਗਟਨ, 6 ਦਸੰਬਰ (ਪੰਜਾਬ ਮੇਲ)- ਭਾਰਤੀ-ਅਮਰੀਕੀ ਰਾਜਾ ਕ੍ਰਿਸ਼ਨਾਮੂਰਤੀ ਤੇ ਪ੍ਰਮਿਲਾ ਜੈਪਾਲ ਸਮੇਤ ਤਿੰਨ ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰਾਂ ਨੇ ਗਰੀਨ ਕਾਰਡਾਂ ਸਬੰਧੀ ਅਰਜ਼ੀਆਂ ਦੇ ਨਿਬੇੜੇ ਦੀ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਅਤੇ ਰੁਜ਼ਗਾਰ ਆਧਾਰਿਤ ਵੀਜ਼ੇ ਲਈ ਦੇਸ਼ਾਂ ਨਾਲ ਭੇਦ-ਭਾਵ ਖਤਮ ਕਰਨ ਲਈ ਅਮਰੀਕੀ ਪ੍ਰਤੀਨਿਧ ਸਭਾ ‘ਚ ਦੋ-ਪਾਰਟੀ ਬਿੱਲ ਪੇਸ਼ ਕੀਤਾ ਹੈ। ਜੇਕਰ ਇਹ ਬਿੱਲ ਕਾਨੂੰਨ ‘ਚ ਤਬਦੀਲ ਹੋ ਜਾਂਦਾ ਹੈ ਤਾਂ ਇਸ ਨਾਲ ਉਨ੍ਹਾਂ ਹਜ਼ਾਰਾਂ ਭਾਰਤੀ ਅਮਰੀਕੀਆਂ ਨੂੰ ਮਦਦ ਮਿਲੇਗੀ, ਜੋ ਗਰੀਨ ਕਾਰਡ ਜਾਂ ਅਮਰੀਕਾ ‘ਚ ਸਥਾਈ ਰਿਹਾਇਸ਼ ਲਈ ਦਹਾਕਿਆਂ ਤੋਂ ਉਡੀਕ ਕਰ ਰਹੇ ਹਨ। ਕ੍ਰਿਸ਼ਨਾਮੂਰਤੀ ਤੇ ਜੈਪਾਲ ਦੇ ਨਾਲ ਸੰਸਦ ਮੈਂਬਰ ਰਿਚ ਮੈਕੌਰਮਿਕ ਨੇ ਬੀਤੇ ਦਿਨੀਂ ਇਹ ਬਿੱਲ ਪੇਸ਼ ਕੀਤਾ। ਇਸ ਸਬੰਧੀ ਜਾਰੀ ਪ੍ਰੈੱਸ ਬਿਆਨ ‘ਚ ਦੱਸਿਆ ਗਿਆ ਕਿ ਦੋ-ਪਾਰਟੀ ਪਰਵਾਸ ਵੀਜ਼ਾ ਸਮਰੱਥਾ ਤੇ ਸੁਰੱਖਿਆ ਐਕਟ, 2023 ‘ਐੱਚ.ਆਰ. 6542’ ਅਮਰੀਕੀ ਅਰਥਚਾਰੇ ਨੂੰ ਮਜ਼ਬੂਤ ਕਰੇਗਾ ਅਤੇ ਗਰੀਨ ਕਾਰਡਾਂ ਦੀਆਂ ਪੈਂਡਿੰਗ ਅਰਜ਼ੀਆਂ ਦੀ ਗਿਣਤੀ ਨੂੰ ਘੱਟ ਕਰਦੇ ਹੋਏ ਦੇਸ਼ ‘ਚ ਕੌਮਾਂਤਰੀ ਮੁਕਾਬਲੇ ਨੂੰ ਵਧਾਏਗਾ।
ਇਸ ਨਾਲ ਅਮਰੀਕੀ ਰੁਜ਼ਗਾਰਦਾਤੇ ਜਨਮ ਸਥਾਨ ਦੇ ਆਧਾਰ ‘ਤੇ ਨਹੀਂ, ਬਲਕਿ ਯੋਗਤਾ ਦੇ ਆਧਾਰ ‘ਤੇ ਪਰਵਾਸੀਆਂ ਨੂੰ ਰੁਜ਼ਗਾਰ ਦੇ ਸਕਣਗੇ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਬਿੱਲ ਰੁਜ਼ਗਾਰ ਆਧਾਰਿਤ ਪਰਵਾਸੀ ਵੀਜ਼ਾ ‘ਤੇ ਪ੍ਰਤੀ ਦੇਸ਼ ਸੱਤ ਫੀਸਦ ਦੀ ਮੌਜੂਦਾ ਹੱਦ ਨੂੰ ਗੇੜਵਾਰ ਢੰਗ ਨਾਲ ਖਤਮ ਕਰੇਗਾ, ਜਦਕਿ ਪਰਿਵਾਰ ਸਪਾਂਸਰਡ ਵੀਜ਼ੇ ‘ਤੇ ਪ੍ਰਤੀ ਦੇਸ਼ ਸੱਤ ਦੀ ਹੱਦ ਨੂੰ ਵਧਾ ਕੇ 15 ਫੀਸਦ ਕਰੇਗਾ।