ਵਾਸ਼ਿੰਗਟਨ, 21 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ 11 ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਬਾਇਡਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਪਾਕਿਸਤਾਨ ਸੰਵਿਧਾਨਕ ਵਿਵਸਥਾ ਬਹਾਲ ਨਹੀਂ ਕਰਦਾ ਅਤੇ ਆਜ਼ਾਦ ਤੇ ਨਿਰਪੱਖ ਚੋਣਾਂ ਨਹੀਂ ਕਰਵਾਉਂਦਾ, ਉਸ ਸਮੇਂ ਤੱਕ ਉਸ ਨੂੰ ਭਵਿੱਖ ਵਿਚ ਦਿੱਤੀ ਜਾਣ ਵਾਲੀ ਸਹਾਇਤਾ ਰੋਕ ਦਿੱਤੀ ਜਾਵੇ। ਸੰਸਦ ਮੈਂਬਰਾਂ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਲਿਖੇ ਪੱਤਰ ਵਿਚ ਵਿਦੇਸ਼ ਵਿਭਾਗ ਨੂੰ ਇਹ ਮੁਲਾਂਕਣ ਕਰਨ ਦੀ ਬੇਨਤੀ ਕੀਤੀ ਕਿ ਕੀ ਕਿਤੇ ਅਮਰੀਕਾ ਤੋਂ ਮਿਲਣ ਵਾਲੀ ਸੁਰੱਖਿਆ ਸਹਾਇਤਾ ਦੇ ਜ਼ਰੀਏ ਪਾਕਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤਾਂ ਨਹੀਂ ਹੋ ਰਹੀ। ਇਸ ਸਮੂਹ ਵਿਚ ਸਾਂਸਦ ਇਲਹਾਨ ਉਮਰ ਵੀ ਸ਼ਾਮਲ ਹਨ, ਜੋ ਅਮਰੀਕੀ ਸੰਸਦ ਵਿਚ ਮੁਸਲਮਾਨਾਂ ਨਾਲ ਸਬੰਧਿਤ ਮੁੱਦੇ ਵੀ ਚੁੱਕਦੀ ਰਹੀ ਹੈ।
ਉਨ੍ਹਾਂ ਨੇ ਪੱਤਰ ਵਿਚ ਲਿਖਿਆ, ”ਅਸੀਂ ਬੇਨਤੀ ਕਰਦੇ ਹਾਂ ਕਿ ਪਾਕਿਸਤਾਨ ਨੂੰ ਭਵਿੱਖ ਵਿਚ ਸੁਰੱਖਿਆ ਸਹਾਇਤਾ ਉਦੋਂ ਤੱਕ ਰੋਕ ਦਿੱਤੀ ਜਾਵੇ, ਜਦੋਂ ਤੱਕ ਉਹ ਸੰਵਿਧਾਨਕ ਵਿਵਸਥਾ ਦੀ ਬਹਾਲੀ ਵੱਲ ਨਿਰਣਾਇਕ ਤੌਰ ‘ਤੇ ਅੱਗੇ ਨਹੀਂ ਵਧਦਾ ਅਤੇ ਸਾਰੀਆਂ ਪਾਰਟੀਆਂ ਦੀ ਭਾਗੀਦਾਰੀ ਨਾਲ ਆਜ਼ਾਦ ਅਤੇ ਨਿਰਪੱਖ ਚੋਣਾਂ ਨਹੀਂ ਕਰਾਉਂਦਾ ਹੈ।” ‘ਡਾਨ’ ਅਖਬਾਰ ਦੀ ਖਬਰ ਮੁਤਾਬਕ ਪੱਤਰ ‘ਚ ਈਸ਼ਨਿੰਦਾ ਕਾਨੂੰਨ ਨੂੰ ਹੋਰ ਮਜ਼ਬੂਤ ਕਰਨ ਲਈ ਪਾਕਿਸਤਾਨ ਦੇ ਕਦਮਾਂ ਦਾ ਵੀ ਪ੍ਰਮੁੱਖਤਾ ਨਾਲ ਜ਼ਿਕਰ ਕੀਤਾ ਗਿਆ ਹੈ। ਪੱਤਰ ਵਿਚ ਬਲਿੰਕਨ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਪ੍ਰਸਤਾਵਿਤ ਤਬਦੀਲੀਆਂ ਦੀ ਵਰਤੋਂ ਛੋਟੇ ਧਾਰਮਿਕ ਸਮੂਹਾਂ ਅਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਸਕਦੀ ਹੈ।