ਵਾਸ਼ਿੰਗਟਨ ਡੀ.ਸੀ., 12 ਫਰਵਰੀ (ਪੰਜਾਬ ਮੇਲ)- ਅਮਰੀਕਨ ਸਿੱਖ ਕਾਕਸ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਵਿਦੇਸ਼ੀ ਲੀਡਰਾਂ ਨਾਲ ਮੁਲਾਕਾਤ ਨਾ ਕਰਨ, ਜੋ ਅਮਰੀਕਾ ਵਿਚ ਰਹਿ ਰਹੇ ਅਮਰੀਕੀ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਅਸੀਂ ਅਮਰੀਕਾ ਵਿਚ ਟੈਕਸ ਅਦਾ ਕਰਨ ਵਾਲੇ ਇਥੇ ਆਪਣੀ ਜਾਨ ਦੀ ਸੁਰੱਖਿਆ ਚਾਹੁੰਦੇ ਹਾਂ। ਸਥਾਨਕ ਸਰਕਾਰ ਨੂੰ ਆਪਣੇ ਨਾਗਰਿਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਮਰੀਕਨ ਸਿੱਖ ਕਾਕਸ ਕਮੇਟੀ ਦੇ ਸੰਸਥਾਪਕ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ‘ਤੇ ਕਾਰਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਮੁਲਾਕਾਤ ਤੋਂ ਸਾਡੀਆਂ ਸਿੱਖ ਜਥੇਬੰਦੀਆਂ ਕੁੱਝ ਨਤੀਜੇ ਚਾਹੁੰਦੀਆਂ ਹਨ। ਇਸ ਦੌਰਾਨ ਹਿੰਮਤ ਸਿੰਘ ਨੇ ਕਿਹਾ ਕਿ ਅਮਰੀਕੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਹੋਣਾ ਚਾਹੀਦਾ ਹੈ। ਪਿਛਲੇ ਦਿਨੀਂ ਨਿਖਿਲ ਗੁਪਤਾ ਨੇ ਇਸ ਸੰਬੰਧੀ ਨਾਕਾਮ ਸਾਜ਼ਿਸ਼ ਕੀਤੀ ਸੀ। ਨਿਖਿਲ ਗੁਪਤਾ ਇਸ ਵੇਲੇ ਨਿਊਯਾਰਕ ਦੀ ਜੇਲ੍ਹ ਵਿਚ ਹੈ। ਉਸ ਨੇ ਹਮੇਸ਼ਾ ਹੀ ਸਿੱਖਾਂ ਦੀ ਮੁਖਬਰੀ ਕੀਤੀ ਹੈ। ਭਾਰਤੀ ਮੀਡੀਆ ਸਿੱਖਾਂ ਦੇ ਅੱਤਵਾਦੀ ਹੋਣ ਬਾਰੇ ਗਲਤ ਪ੍ਰਚਾਰ ਕਰ ਰਿਹਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਵਿਦੇਸ਼ੀ ਏਜੰਟਾਂ ਦਾ ਅਮਰੀਕਾ ਵਿਚ ਦਬਾਅ ਵੱਧ ਰਿਹਾ ਹੈ, ਤਾਂਕਿ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ।
ਅਮਰੀਕਨ ਸਿੱਖ ਕਾਕਸ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਮਜ਼ਬੂਤ ਹੋਣ ਲਈ ਕਾਂਗਰਸ ਆਗੂਆਂ ਨਾਲ ਮਿਲ ਕੇ ਕੰਮ ਕਰੇਗੀ।
ਅਮਰੀਕਨ ਸਿੱਖ ਕਾਕਸ ਕਮੇਟੀ ਅਧਿਕਾਰਾਂ, ਸੁਰੱਖਿਆ ਅਤੇ ਰਾਜਨੀਤਿਕ ਰੁਝੇਵਿਆਂ ਦੀ ਵਕਾਲਤ ਕਰਦੀ ਹੈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਅਮਰੀਕਾ ਵਿਚ ਗੁਰੂਘਰਾਂ ਦੀ ਪ੍ਰਤੀਨਿੱਧਤਾ ਕਰਦੀ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨਾਗਿਰਕ ਰੁਝੇਵਿਆਂ, ਅੰਤਰਜਾਤੀ ਸੰਬੰਧਾਂ ਨਾਲ ਤਾਲਮੇਲ ਕਰਦੀ ਹੈ।
ਅਮਰੀਕੀ ਸਿੱਖ ਜਥੇਬੰਦੀਆਂ ਵੱਲੋਂ ਮੋਦੀ-ਟਰੰਪ ਮੁਲਾਕਾਤ ‘ਤੇ ਇਤਰਾਜ਼
