#AMERICA

ਅਮਰੀਕੀ ਸਫ਼ਾਰਤਖ਼ਾਨੇ ਵੱਲੋਂ ਯਾਤਰੀਆਂ ਨੂੰ ਇਮੀਗ੍ਰੇਸ਼ਨ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਚੇਤਾਵਨੀ ਜਾਰੀ

ਕਿਹਾ: ਨਾਕਾਮ ਰਹਿਣ ‘ਤੇ ਸੰਬੰਧਤ ਵਿਅਕਤੀ ਦਾ ਵੀਜ਼ਾ ਕੀਤਾ ਜਾਵੇਗਾ ਰੱਦ ਤੇ ਕੀਤਾ ਜਾ ਸਕਦੈ ਡਿਪੋਰਟ
ਨਵੀਂ ਦਿੱਲੀ, 12 ਜੁਲਾਈ (ਪੰਜਾਬ ਮੇਲ)- ਭਾਰਤ ‘ਚ ਸਥਿਤ ਅਮਰੀਕੀ ਸਫ਼ਾਰਤਖ਼ਾਨੇ ਨੇ ਅਮਰੀਕੀ ਵੀਜ਼ਾ ਧਾਰਕ ਭਾਰਤੀਆਂ ਨੂੰ ਤੈਅ ਇਮੀਗ੍ਰੇਸ਼ਨ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਚੇਤਾਵਨੀ ਵਿਚ ਸਾਫ਼ ਕਿਹਾ ਗਿਆ ਹੈ ਕਿ ਅਜਿਹਾ ਕਰਨ ਵਿਚ ਨਾਕਾਮ ਰਹਿਣ ‘ਤੇ ਵੀਜ਼ਾ ਰੱਦ ਕਰ ਕੇ ਸਬੰਧਤ ਵਿਅਕਤੀ ਨੂੰ ਅਮਰੀਕਾ ਵਿਚੋਂ ਡਿਪੋਰਟ ਕੀਤਾ ਜਾ ਸਕਦਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਵਿਚ ਦੂਤਾਵਾਸ ਨੇ ਕਿਹਾ, ”ਵੀਜ਼ਾ ਜਾਰੀ ਹੋਣ ਤੋਂ ਬਾਅਦ ਵੀਜ਼ਾ ਸਕ੍ਰੀਨਿੰਗ ਬੰਦ ਨਹੀਂ ਹੁੰਦੀ। ਅਸੀਂ ਇਹ ਯਕੀਨੀ ਬਣਾਉਣ ਲਈ ਵੀਜ਼ਾ ਧਾਰਕਾਂ ਦੀ ਲਗਾਤਾਰ ਜਾਂਚ ਕਰਦੇ ਹਾਂ ਕਿ ਉਹ ਸਾਰੇ ਅਮਰੀਕੀ ਕਾਨੂੰਨਾਂ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰਦੇ ਹਨ ਜਾਂ ਨਹੀਂ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਅਸੀਂ ਉਨ੍ਹਾਂ ਦੇ ਵੀਜ਼ੇ ਰੱਦ ਕਰ ਦੇਵਾਂਗੇ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ (ਡਿਪੋਰਟ) ਦੇ ਦੇਵਾਂਗੇ।”
ਗ਼ੌਰਤਲਬ ਹੈ ਕਿ ਪਹਿਲਾਂ ਅਮਰੀਕਾ ਨੇ ਇੱਕ ਸਲਾਹ ਜਾਰੀ ਕੀਤੀ ਸੀ, ਜਿਸ ਵਿਚ ਵੀਜ਼ਾ ਬਿਨੈਕਾਰਾਂ ਲਈ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਵੇਰਵੇ ਮੁਹੱਈਆ ਕਰਾਉਣੇ ਜ਼ਰੂਰੀ ਕੀਤੇ ਗਏ ਸਨ। ਇਸ ਦਾ ਮਕਸਦ ਇਨ੍ਹਾਂ ਵੀਜ਼ਾ ਖ਼ਾਤਿਆਂ ਦੀ ਅਮਰੀਕੀ ਕਾਨੂੰਨਾਂ ਦੇ ਉਲਟ ਕਿਸੇ ਵੀ ਸਮੱਗਰੀ ਜਾਂ ਵਿਚਾਰਾਂ ਲਈ ਇਨ੍ਹਾਂ ਦੀ ਪੜਤਾਲ ਕਰਨਾ ਹੈ।