#AMERICA

ਅਮਰੀਕੀ ‘ਵਰਸਿਟੀਆਂ ਤੇ ਕਾਲਜਾਂ ‘ਚ ਗਾਜ਼ਾ ਜੰਗ ਖ਼ਿਲਾਫ਼ ਮੁਜ਼ਾਹਰੇ

-ਪੁਲਿਸ ਨੇ ਵਿਦਿਆਰਥੀਆਂ ਵੱਲੋਂ ਲਾਏ ਤੰਬੂ ਪੁੱਟੇ, ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲਿਆ
ਨਿਊਯਾਰਕ, 29 ਅਪ੍ਰੈਲ (ਪੰਜਾਬ ਮੇਲ)- ਕੋਲੰਬੀਆ ਯੂਨੀਵਰਸਿਟੀ ਵਿਚ ਪਿਛਲੇ ਹਫ਼ਤੇ ਸੌ ਤੋਂ ਵੱਧ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਇਜ਼ਰਾਈਲ-ਹਮਾਸ ਜੰਗ ਨੂੰ ਲੈ ਕੇ ਅਮਰੀਕੀ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਕੈਂਪਸਾਂ ਵਿਚ ਵਿਦਿਆਰਥੀ ਪ੍ਰਦਰਸ਼ਨਾਂ ਨੇ ਜ਼ੋਰ ਫੜ ਲਿਆ ਹੈ। ਵਿਦਿਆਰਥੀ ਮੰਗ ਕਰ ਰਹੇ ਹਨ ਕਿ ਯੂਨੀਵਰਸਿਟੀਆਂ ਅਜਿਹੀਆਂ ਕੰਪਨੀਆਂ ਤੋਂ ਖ਼ੁਦ ਨੂੰ ਵੱਖ ਕਰ ਲੈਣ, ਜੋ ਗਾਜ਼ਾ ਵਿਚ ਇਜ਼ਰਾਇਲੀ ਫੌਜ ਦੀ ਚੜ੍ਹਾਈ ਵਿਚ ਮਦਦ ਕਰ ਰਹੀਆਂ ਹਨ। ਅਮਰੀਕੀ ਯੂਨੀਵਰਸਿਟੀਆਂ ਵਿਚ ਇਹ ਮੁਜ਼ਾਹਰੇ ਵਿਦਿਆਰਥੀ ਸਮੂਹਾਂ ਦੇ ਗੱਠਜੋੜ ਵੱਲੋਂ ਕੀਤੇ ਜਾ ਰਹੇ ਹਨ। ਇਹ ਸਮੂਹ ਆਮ ਕਰਕੇ ਸੁਤੰਤਰ ਰੂਪ ਵਿਚ ਕੰਮ ਕਰ ਰਹੇ ਹਨ, ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਹੋਰਨਾਂ ਯੂਨੀਵਰਸਿਟੀਆਂ ਦੇ ਆਗੂਆਂ ਤੋਂ ਪ੍ਰੇਰਿਤ ਹਨ।
ਫਲਸਤੀਨ ਪੱਖੀ ਵਿਦਿਆਰਥੀਆਂ ਨੇ ਪਿਛਲੇ ਹਫ਼ਤੇ ਨਿਊਯਾਰਕ ਦੀ ਆਇਵੀ ਲੀਗ ਯੂਨੀਵਰਸਿਟੀ ਵਿਚ ਟੈਂਟ ਲਾ ਕੇ ਰੋਸ ਮੁਜ਼ਾਹਰਾ ਕੀਤਾ ਸੀ। ਪੁਲਿਸ ਨੇ 18 ਅਪ੍ਰੈਲ ਨੂੰ ਪਹਿਲਾਂ ਉਨ੍ਹਾਂ ਦੇ ਤੰਬੂ ਪੁੱਟਣ ਦੀ ਕੋਸ਼ਿਸ਼ ਕੀਤੀ ਤੇ ਸੌ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਸਰਕਾਰ ਦੀ ਇਹ ਪੇਸ਼ਕਦਮੀ ਹਾਲਾਂਕਿ ਪੁੱਠੀ ਪੈ ਗਈ ਤੇ ਦੇਸ਼ ਭਰ ਦੇ ਵਿਦਿਆਰਥੀਆਂ ਨੇ ਇਕਜੁੱਟ ਹੋ ਕੇ ‘ਵਰਸਿਟੀ ਕੈਂਪਸਾਂ ਵਿਚ ਰੋਸ ਪ੍ਰਦਰਸ਼ਨਾਂ ਦਾ ਫੈਸਲਾ ਕੀਤਾ। ਆਈਵੀ ਲੀਗ ਸਕੂਲ ਨੇ ਸੋਮਵਾਰ ਤੋਂ ਸਕੂਲ ਬੰਦ ਕਰਕੇ 15 ਮਈ ਤੋਂ ਹਾਈਬ੍ਰਿਡ ਲਰਨਿੰਗ ਦਾ ਫੈਸਲਾ ਕੀਤਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਗੱਲਬਾਤ ਸਿਰੇ ਨਾ ਚੜ੍ਹਨ ਮਗਰੋਂ ਉਨ੍ਹਾਂ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਰੋਸ ਪ੍ਰਦਰਸ਼ਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਉਧਰ ਨੌਰਥਈਸਟਰਨ ਯੂਨੀਵਰਸਿਟੀ ਵਿਚ ਪੁਲਿਸ ਨੇ 102 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਯੂਨੀਵਰਸਿਟੀ ਆਫ਼ ਸਾਊਦਰਨ ਕੈਲੀਫੋਰਨੀਆ ਨੇ ਨਾਨ-ਰੈਜ਼ੀਡੈਂਟਸ ਲਈ ਯੂਨੀਵਰਸਿਟੀ ਪਾਰਕ ਕੈਂਪਸ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤਾ ਹੈ। ਕੋਲੰਬਸ ਦੀ ਓਹਾਇਓ ਸਟੇਟ ਯੂਨੀਵਰਸਿਟੀ ਵਿਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਝੜਪਾਂ ਦੀਆਂ ਰਿਪੋਰਟਾਂ ਹਨ। ਪੁਲਿਸ ਨੇ 36 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜੌਰਜ ਵਾਸ਼ਿੰਗਟਨ ਯੂਨੀਵਰਸਿਟੀ ਵਿਚ ਵੀ ਪ੍ਰਦਰਸ਼ਨਾਂ ਦੌਰਾਨ ਫਲਸਤੀਨ ਪੱਖੀ ਵਿਦਿਆਰਥੀ ਸਮੂਹ ‘ਤੇ ਲਾਈਆਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ ਨਿਊਯਾਰਕ ਯੂਨੀਵਰਸਿਟੀ, ਐਟਲਾਂਟਾ ਦੀ ਐਮਰੀ ਯੂਨੀਵਰਸਿਟੀ, ਇੰਡਿਆਨਾ ਯੂਨੀਵਰਸਿਟੀ ਬਲੂਮਿੰਗਟਨ, ਐਰੀਜ਼ੋਨਾ ਸਟੇਟ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ਼ ਫਲੋਰਿਡਾ ਵਿਚ ਪੁਲਿਸ ਨੇ ਝੜਪਾਂ ਮਗਰੋਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।