-ਸਿੱਖ ਵੱਖਵਾਦੀ ਨੇਤਾ ਦੀ ਹੱਤਿਆ ਦੀ ਸਾਜ਼ਿਸ਼ ਸਮੇਤ ਹੋਰ ਮਾਮਲਿਆਂ ‘ਤੇ ਹੋਵੇਗੀ ਚਰਚਾ
ਵਾਸ਼ਿੰਗਟਨ, 5 ਦਸੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਉੱਚ ਕੌਮੀ ਸੁਰੱਖਿਆ ਸਲਾਹਕਾਰ ਸਿੱਖ ਵੱਖਵਾਦੀ ਨੇਤਾ ਦੀ ਹੱਤਿਆ ਦੀ ਕੋਸ਼ਿਸ਼ ਨਾਲ ਜੁੜੇ ਦੋਸ਼ਾਂ ਸਮੇਤ ਵੱਖ-ਵੱਖ ਦੁਵੱਲੇ ਮਾਮਲਿਆਂ ‘ਤੇ ਗੱਲਬਾਤ ਲਈ ਨਵੀਂ ਦਿੱਲੀ ਵਿਚ ਹੈ। ਵਾਈਟ ਹਾਊਸ ਨੇ ਕਿਹਾ ਕਿ ਪ੍ਰਮੁੱਖ ਉਪ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਫਿਨਰ ਨੇ ਬੀਤੇ ਦਿਨੀਂ ਭਾਰਤ ਦੇ ਉਪ ਕੌਮੀ ਸੁਰੱਖਿਆ ਸਲਾਹਕਾਰ ਵਿਕਰਮ ਮਿਸ਼ਰੀ ਨਾਲ ਮੁਲਾਕਾਤ ਕੀਤੀ ਅਤੇ ਮਹੱਤਵਪੂਰਨ ਅਤੇ ਉੱਭਰਦੀ ਤਕਨਾਲੋਜੀ ਬਾਰੇ ਦੁਵੱਲੇ ਯਤਨ ਦੀ ਸਮੀਖਿਆ ਕੀਤੀ। ਫਿਨਰ ਨੇ ਹਿੰਦ ਮਹਾਸਾਗਰ ਖੇਤਰ ਸਮੇਤ ਹਿੰਦ-ਪ੍ਰਸ਼ਾਂਤ ਖੇਤਰ ਵਿਚ ਤਾਲਮੇਲ ਵਧਾਉਣ ਦੇ ਉਦੇਸ਼ ਨਾਲ ਡੂੰਘਾਈ ਨਾਲ ਚਰਚਾ ਲਈ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨਾਲ ਦੁਵੱਲੀ ਅਤੇ ਖੇਤਰੀ ਚਰਚਾ ਕੀਤੀ। ਵ੍ਹਾਈਟ ਹਾਊਸ ਨੇ ਕਿਹਾ, ‘ਫਿਨਰ ਨੇ ਅਮਰੀਕਾ ‘ਚ ਘਾਤਕ ਸਾਜ਼ਿਸ਼ ਦੀ ਜਾਂਚ ਲਈ ਭਾਰਤ ਵੱਲੋਂ ਜਾਂਚ ਕਮੇਟੀ ਬਣਾਉਣ ਅਤੇ ਇਸ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਜਵਾਬਦੇਹ ਠਹਿਰਾਉਣ ਦੇ ਮਹੱਤਵ ਨੂੰ ਸਵੀਕਾਰ ਕੀਤਾ।’