#AMERICA

ਅਮਰੀਕੀ ਰਾਸ਼ਟਰਪਤੀ ਦੀ ਉਮੀਦਵਾਰੀ ਲਈ ਚੋਣ ਮੈਦਾਨ ਭਖਿਆ

-ਪ੍ਰਾਇਮਰੀ ਚੋਣਾਂ ਦਾ ਦੌਰ ਹੋਇਆ ਸ਼ੁਰੂ
ਐਟਕਿੰਨਸਨ, 17 ਜਨਵਰੀ (ਪੰਜਾਬ ਮੇਲ)- ਭਾਵੇਂ ਕਿ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਨਵੰਬਰ ਵਿਚ ਹੋਣ ਜਾ ਰਹੀਆਂ ਹਨ। ਪਰ ਰਿਪਬਲਿਕਨ ਪਾਰਟੀ ਇਨ੍ਹਾਂ ਚੋਣਾਂ ਤੋਂ ਪਹਿਲਾਂ ਪ੍ਰਾਇਮਰੀ ਚੋਣਾਂ ਵਿਚ ਆਪਣਾ ਉਮੀਦਵਾਰ ਚੁਣਨ ਲਈ ਜ਼ੋਰ-ਅਜ਼ਮਾਇਸ਼ ਕਰ ਰਹੀ ਹੈ। ਪਿਛਲੇ ਸਾਲ ਤੋਂ ਸ਼ੁਰੂ ਹੋਇਆ ਇਹ ਮੁਕਾਬਲਾ ਹੁਣ ਲਗਭਗ ਅੰਤਿਮ ਪੜਾਅ ਵਿਚ ਪਹੁੰਚ ਗਿਆ ਹੈ। ਬਹੁਤ ਸਾਰੇ ਉਮੀਦਵਾਰਾਂ ਨੇ ਆਪਣੇ ਨਾਮ ਰਾਸ਼ਟਰਪਤੀ ਅਹੁਦੇਦਾਰੀ ਤੋਂ ਵਾਪਸ ਲੈ ਲਏ ਹਨ। ਹੁਣ ਰਿਪਬਲਿਕਨ ਪਾਰਟੀ ਵੱਲੋਂ ਸਿਰਫ 4 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਇਲਾਵਾ ਭਾਰਤੀ ਮੂਲ ਦੀ ਨਿੰਕੀ ਰੰਧਾਵਾ ਹੈਲੀ, ਰੋਨ ਡਿਸੈਂਟਿਸ ਅਤੇ ਰਾਇਨ ਬਿੰਕਲੇ ਇਸ ਚੋਣ ਮੈਦਾਨ ਵਿਚ ਡਟੇ ਹੋਏ ਹਨ। ਅਮਰੀਕਾ ਦੀ ਪਹਿਲੀ ਪ੍ਰਾਇਮਰੀ ਤੋਂ ਇਕ ਹਫਤਾ ਪਹਿਲਾਂ ਨਿਊ ਹੈਂਪਸ਼ਾਇਰ ਵਿਚ ਇਹ ਚਾਰੋ ਉਮੀਦਵਾਰ ਇਕੋ ਸਟੇਜ ‘ਤੇ ਇਕੱਠੇ ਹੋਏ। ਇਸ ਤੋਂ ਪਹਿਲਾਂ ਰਾਸ਼ਟਰਪਤੀ ਅਹੁਦੇ ਲਈ ਇਕ ਹੋਰ ਉਮੀਦਵਾਰ ਭਾਰਤੀ ਮੂਲ ਦੇ ਰਾਮਾਸਵਾਮੀ ਨੇ ਆਪਣਾ ਨਾਂ ਇਸ ਚੋਣ ਦੌੜ ਵਿਚੋਂ ਵਾਪਸ ਲੈ ਲਿਆ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੀ ਹਮਾਇਤ ਪੇਸ਼ ਕਰ ਦਿੱਤੀ। ਜੇ ਦੇਖਿਆ ਜਾਵੇ, ਤਾਂ ਸਾਬਕਾ ਰਾਸ਼ਟਰਪਤੀ ਟਰੰਪ ਇਸ ਵੇਲੇ ਅੱਗੇ ਚੱਲ ਰਹੇ ਹਨ। ਪਰ ਨਿੱਕੀ ਹੈਲੀ ਵੀ ਬਹੁਤ ਥੋੜੇ ਫਰਕ ਨਾਲ ਉਸ ਦੇ ਪਿੱਛੇ ਹੈ।
ਨਿਊ ਹੈਂਪਸ਼ਾਇਰ ਸਟੇਟ ‘ਚ ਪ੍ਰਾਇਮਰੀ ਚੋਣ 23 ਜਨਵਰੀ ਨੂੰ ਹੋਣ ਜਾ ਰਹੀ ਹੈ। ਉਸ ਤੋਂ ਬਾਅਦ ਵੱਖ-ਵੱਖ ਰਾਜਾਂ ਵਿਚ ਪ੍ਰਾਇਮਰੀ ਚੋਣਾਂ ਹੋਣਗੀਆਂ।
ਉਧਰ ਡੈਮੋਕ੍ਰੇਟਿਕ ਪਾਰਟੀ ਦੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਤੋਂ ਇਲਾਵਾ, ਡੀਨ ਫਿਲੀਪਸ, ਸੈਂਕ ਓਏਗਰ ਅਤੇ ਮੈਰੀਅਨ ਵਿਲੀਅਮਸਨ ਵੀ ਚੋਣ ਮੈਦਾਨ ਵਿਚ ਹਨ। ਪਰ ਉਮੀਦ ਕੀਤੀ ਜਾਂਦੀ ਹੈ ਕਿ ਜੋਅ ਬਾਇਡਨ ਹੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਮੁੱਖ ਦਾਅਵੇਦਾਰ ਹੋਣਗੇ।