#AMERICA

ਅਮਰੀਕੀ ਰਾਸ਼ਟਰਪਤੀ ਟਰੰਪ ਕਰ ਸਕਦੇ ਨੇ ਪੱਛਮੀ ਏਸ਼ੀਆ ਦਾ ਦੌਰਾ

ਵਾਸ਼ਿੰਗਟਨ, 22 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਪੱਛਮੀ ਏਸ਼ੀਆ ਦੇ ਦੌਰੇ ‘ਤੇ ਵਿਚਾਰ ਕਰ ਰਹੇ ਹਨ। ਟਰੰਪ ਨੇ ਵ੍ਹਾਈਟ ਹਾਊਸ ਵਿਚ ਓਰੇਕਲ ਸੀ.ਟੀ.ਓ. ਲੈਰੀ ਐਲੀਸਨ, ਸਾਫਟਬੈਂਕ ਦੇ ਸੀ.ਈ.ਓ. ਮਾਸਾਯੋਸ਼ੀ ਸਨ ਅਤੇ ਓਪਨ ਏ.ਆਈ. ਦੇ ਸੀ.ਈ.ਓ ਸੈਮ ਅਲਟਮੈਨ ਨਾਲ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ”ਅਸੀਂ ਪੱਛਮੀ ਏਸ਼ੀਆ ਦੀ ਯਾਤਰਾ ਕਰਨ ਬਾਰੇ ਸੋਚ ਰਹੇ ਹਾਂ। ਪਰ ਹਾਲੇ ਨਹੀਂ, ਕਿਉਂਕਿ ਅਜੇ ਬੰਧਕ ਵਾਪਸ ਆ ਰਹੇ ਹਨ। ਉਨ੍ਹਾਂ ਵਿਚੋਂ ਕੁਝ ਨੂੰ ਭਾਰੀ ਨੁਕਸਾਨ ਹੋਇਆ ਹੈ। ਇੱਕ ਔਰਤ ਦਾ ਹੱਥ ਲਗਭਗ ਗਾਇਬ ਹੈ।”
ਉਸਨੇ ਕਿਹਾ, ”ਜੇ ਮੈਂ ਇੱਥੇ ਨਾ ਹੁੰਦਾ ਤਾਂ ਬੰਧਕ ਕਦੇ ਵਾਪਸ ਨਾ ਆਉਂਦੇ। ਉਹ ਸਾਰੇ ਮਾਰੇ ਗਏ ਹੁੰਦੇ। ਜੇਕਰ ਜੋਅ ਬਾਇਡਨ ਨੇ ਇਹ ਸੌਦਾ ਡੇਢ-ਦੋ ਸਾਲ ਪਹਿਲਾਂ ਕੀਤਾ ਹੁੰਦਾ ਤਾਂ ਇਹ ਕਦੇ ਨਾ ਹੁੰਦਾ।” ਉਸਨੇ ਕਿਹਾ, ”ਜੇ ਤੁਸੀਂ ਛੇ ਮਹੀਨੇ ਪਹਿਲਾਂ ਦੀ ਗੱਲ ਕਰੋ, ਤਾਂ ਬਹੁਤ ਸਾਰੇ ਨੌਜਵਾਨ ਬੰਧਕ ਜ਼ਿੰਦਾ ਸਨ। ਨੌਜਵਾਨ ਇਸ ਤਰ੍ਹਾਂ ਨਹੀਂ ਮਰਦੇ ਪਰ ਹੁਣ ਮਰ ਰਹੇ ਹਨ। ਉਨ੍ਹਾਂ ਨੂੰ ਮਾਰਿਆ ਜਾ ਰਿਹਾ ਹੈ। ਬਾਇਡਨ ਇਸ ਸਮਝੌਤੇ ਨੂੰ ਪੂਰਾ ਨਹੀਂ ਕਰ ਸਕਿਆ। ਮੈਂ ਇੱਕ ਸਮਾਂ ਸੀਮਾ ਨਿਰਧਾਰਤ ਕੀਤੀ ਅਤੇ ਇਹ ਉਸ ਤੋਂ ਬਾਅਦ ਹੀ ਇਹ ਪੂਰਾ ਹੋ ਗਿਆ।”