ਨਿਊਯਾਰਕ, 26 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਨੂੰ ਹੁਣ ਭਾਵੇਂ ਦੋ ਹਫ਼ਤਿਆਂ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ, ਤਾਂ ਵੀ ਦੋਵੇਂ ਉਮੀਦਵਾਰ – ਉਪ ਰਾਸ਼ਟਰਪਤੀ ਤੇ ਡੈਮੋਕ੍ਰੈਟ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਡੋਨਲਡ ਟਰੰਪ ਦਰਮਿਆਨ ਫ਼ਸਵੀਂ ਟੱਕਰ ਦਿਖਾਈ ਦੇ ਰਹੀ ਹੈ। ਸ਼ੁੱਕਰਵਾਰ ਨੂੰ ਜਾਰੀ ਹਾਲੀਆ ਦੋ ਸਰਵੇਖਣਾਂ ਵਿਚ ਦੋਵਾਂ ਉਮੀਦਵਾਰਾਂ ਦਰਮਿਆਨ ਟਾਈ (ਬਰਾਬਰ ਵੋਟਾਂ ਵਾਲੀ ਸਥਿਤੀ) ਸਾਹਮਣੇ ਆਈ ਹੈ।
ਇਹ ਸਰਵੇਖਣ ਨਿਊਯਾਰਕ ਟਾਈਮਜ਼ ਅਤੇ ਸੀਐੱਨਐੱਨ ਨੇ ਜਾਰੀ ਕੀਤੇ ਹਨ। ਇਸ ਦੇ ਮੱਦੇਨਜ਼ਰ ਮੁਲਕ ਦੇ ਦੋ ਵੱਡੇ ਅਖ਼ਬਾਰਾਂ – ਵਾਸ਼ਿੰਗਟਨ ਪੋਸਟ ਤੇ ਲਾਸ ਏਂਜਲਸ ਟਾਈਮਜ਼ ਨੇ ਲੀਕ ਤੋਂ ਹਟ ਕੇ ਕਿਸੇ ਵੀ ਉਮੀਦਵਾਰ ਦੀ ਹਮਾਇਤ ਨਾ ਕਰਨ ਦਾ ਫ਼ੈਸਲਾ ਕੀਤਾ ਹੈ।
ਟਾਈਮਜ਼ ਦੇ ਸਰਵੇਖਣ ਵਿਚ ਦੋਵੇਂ ਉਮੀਦਵਾਰਾਂ ਨੂੰ 48 ਫ਼ੀਸਦੀ ਉਤੇ ਬਰਾਬਰੀ ’ਤੇ ਦਿਖਾਇਆ ਗਿਆ ਹੈ, ਜਿਸ ਮੁਤਾਬਕ ਇਸ ਮੁਤਾਬਕ ਮਹੀਨੇ ਦੇ ਸ਼ੁਰੂ ਵਿਚ ਹੈਰਿਸ ਨੂੰ ਜੋ 3 ਫ਼ੀਸਦੀ ਦੀ ਲੀਡ ਹਾਸਲ ਸੀ, ਉਹ ਹੁਣ ਖ਼ਤਮ ਹੋ ਗਈ ਹੈ, ਹਾਲਾਂਕਿ ਇਸ ਫ਼ਰਕ ਗ਼ਲਤੀ ਦੀ ਹੱਦ ਦੇ ਅੰਦਰ ਦੱਸਿਆ ਗਿਆ ਹੈ। ਸਰਵੇਖਣ ਦਾ ਵਿਸ਼ਲੇਸ਼ਣ ਕਰਦਿਆਂ ਅਖ਼ਬਾਰ ਨੇ ਲਿਖਿਆ ਹੈ, ‘‘ਹੁਣ ਜਦੋਂ ਲੱਖਾਂ ਅਮਰੀਕੀ ਪਹਿਲਾਂ ਹੀ ਵੋਟਾਂ ਪਾ ਚੁੱਕੇ ਹਨ, ਤਾਂ ਚੋਣਾਂ ਦੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਦੌਰਾਨ ਆਉਣ ਵਾਲੇ ਨਤੀਜੇ ਬੀਬੀ ਹੈਰਿਸ ਦਾ ਹੌਸਲਾ ਵਧਾਉਣ ਵਾਲੇ ਨਹੀਂ ਹੈ।’’
ਸੀਐੱਨਐੱਨ ਦੇ ਸਰਵੇਖਣ ਵਿਚ ਉਨ੍ਹਾਂ ਦੀ 47 ਫ਼ੀਸਦੀ ਉਤੇ ਟਾਈ ਦਿਖਾਈ ਗਈ ਹੈ। ਇਸ ਮੁਤਾਬਕ ਹੈਰਿਸ ਨੂੰ 1 ਅਕਤੂਬਰ ਨੂੰ ਜਿਹੜੀ ਦੋ ਫ਼ੀਸਦੀ ਦੀ ਲੀਡ ਹਾਸਲ ਸੀ, ਉਸ ਵਿਚ ਕਮੀ ਆਈ ਹੈ। ਇਸ ਦੌਰਾਨ ਚੋਣ ਪ੍ਰਚਾਰ ਦੌਰਾਨ ਦੋਵੇਂ ਉਮੀਦਵਾਰਾਂ ਵੱਲੋਂ ਇਕ ਦੂਜੇ ਉਤੇ ਤਿੱਖੇ ਦੋਸ਼ ਲਾਉਣ ਦਾ ਸਿਲਸਿਲਾ ਜਾਰੀ ਹੈ।