#AMERICA

ਅਮਰੀਕੀ ਰਾਸ਼ਟਰਪਤੀ ਚੋਣਾਂ : ਰਾਮਾਸਵਾਮੀ ਵੱਲੋਂ ਦਾਅਵੇਦਾਰੀ ਵਾਪਸ ਲੈਣ ਦਾ ਐਲਾਨ

ਵਾਸ਼ਿੰਗਟਨ, 17 ਜਨਵਰੀ (ਪੰਜਾਬ ਮੇਲ)- ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਛੱਡ ਦਿੱਤੀ ਹੈ। ਰਾਮਾਸਵਾਮੀ ਨੇ ਡੋਨਾਲਡ ਟਰੰਪ ਦਾ ਸਮਰਥਨ ਕਰਨ ਦੀ ਗੱਲ ਕੀਤੀ ਹੈ। ਵਿਵੇਕ ਰਾਮਾਸਵਾਮੀ ਨੇ ਸੋਮਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਦਾ ਐਲਾਨ ਕੀਤਾ। ਇਸ ਦੌਰਾਨ ਰਾਮਾਸਵਾਮੀ ਨੇ ਕਿਹਾ ਕਿ ਹੁਣ ਮੇਰੇ ਲਈ ਕੋਈ ਰਸਤਾ ਨਹੀਂ ਬਚਿਆ ਹੈ। ਦਰਅਸਲ 15 ਜਨਵਰੀ ਨੂੰ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਲਈ ਪਹਿਲੀ ਕਾਕਸ ਦਾ ਆਯੋਜਨ ਕੀਤਾ ਗਿਆ ਸੀ। ਇਹ ਕਾਕਸ ਆਇਓਵਾ ਵਿਚ ਹੋਇਆ ਸੀ ਅਤੇ ਡੋਨਾਲਡ ਟਰੰਪ ਨੇ ਇਸ ਵਿਚ ਜਿੱਤ ਪ੍ਰਾਪਤ ਕੀਤੀ ਸੀ।
ਵਿਵੇਕ ਰਾਮਾਸਵਾਮੀ ਦੇ ਇਸ ਸਾਲ ਰਾਸ਼ਟਰਪਤੀ ਅਹੁਦੇ ਦੀ ਚੋਣ ਤੋਂ ਹਟਣ ਤੋਂ ਬਾਅਦ ਹੁਣ ਡੋਨਾਲਡ ਟਰੰਪ ਤੋਂ ਇਲਾਵਾ ਸਿਰਫ ਨਿੱਕੀ ਹੈਲੀ ਅਤੇ ਰੌਨ ਡੀਸੈਂਟਿਸ ਹੀ ਦੌੜ ਵਿਚ ਬਚੇ ਹਨ। ਵਿਵੇਕ ਰਾਮਾਸਵਾਮੀ ਇਨ੍ਹਾਂ ਤਿੰਨਾਂ ਤੋਂ ਪਛੜ ਰਹੇ ਸਨ ਅਤੇ ਹੁਣ ਆਇਓਵਾ ਕਾਕਸ ਦੇ ਨਤੀਜਿਆਂ ਵਿਚ ਪਛੜਨ ਤੋਂ ਬਾਅਦ ਵਿਵੇਕ ਰਾਮਾਸਵਾਮੀ ਨੇ ਆਪਣੀ ਉਮੀਦਵਾਰੀ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ।
ਵਿਵੇਕ ਰਾਮਾਸਵਾਮੀ ਅਮਰੀਕੀ ਰਾਜਨੀਤਿਕ ਦ੍ਰਿਸ਼ ਵਿਚ ਇੱਕ ਅਣਜਾਣ ਚਿਹਰਾ ਸੀ, ਪਰ ਫਰਵਰੀ 2023 ਵਿਚ ਆਪਣੀ ਉਮੀਦਵਾਰੀ ਦਾ ਐਲਾਨ ਕਰਨ ਤੋਂ ਬਾਅਦ ਵਿਵੇਕ ਰਾਮਾਸਵਾਮੀ ਨੇ ਰਿਪਬਲਿਕਨ ਵੋਟਰਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਰਾਮਾਸਵਾਮੀ ਇਮੀਗ੍ਰੇਸ਼ਨ ਬਾਰੇ ਆਪਣੇ ਸਖ਼ਤ ਵਿਚਾਰਾਂ ਅਤੇ ਅਮਰੀਕਾ ਫਸਟ ਨੀਤੀ ਕਾਰਨ ਥੋੜ੍ਹੇ ਸਮੇਂ ਵਿਚ ਹੀ ਵੋਟਰਾਂ ਵਿਚ ਬਹੁਤ ਮਸ਼ਹੂਰ ਹੋ ਗਏ। ਹਾਲਾਂਕਿ ਹੁਣ ਰਾਮਾਸਵਾਮੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਬੁਰੀ ਤਰ੍ਹਾਂ ਪਛੜ ਰਹੇ ਸਨ। ਰਾਮਾਸਵਾਮੀ ਆਇਓਵਾ ਕਾਕਸ ‘ਚ ਵੀ ਚੌਥੇ ਸਥਾਨ ‘ਤੇ ਰਹੇ ਅਤੇ ਉਨ੍ਹਾਂ ਨੂੰ ਸਿਰਫ 7.7 ਫੀਸਦੀ ਵੋਟਾਂ ਮਿਲੀਆਂ।
ਵਿਵੇਕ ਰਾਮਾਸਵਾਮੀ ਇੱਕ ਅਰਬਪਤੀ ਕਾਰੋਬਾਰੀ ਅਤੇ ਇੱਕ ਬਾਇਓਟੈਕ ਕੰਪਨੀ ਦੇ ਮੁਖੀ ਹਨ। ਰਾਮਾਸਵਾਮੀ ਦੇ ਮਾਤਾ-ਪਿਤਾ ਕੇਰਲ, ਭਾਰਤ ਦੇ ਵਸਨੀਕ ਸਨ, ਜੋ ਅਮਰੀਕਾ ਵਿਚ ਵਸ ਗਏ ਸਨ। ਰਾਮਾਸਵਾਮੀ ਦਾ ਜਨਮ ਅਮਰੀਕਾ ਦੇ ਓਹਾਇਓ ਰਾਜ ਵਿਚ ਹੋਇਆ ਸੀ। ਚੋਣ ਪ੍ਰਚਾਰ ਦੇ ਸ਼ੁਰੂਆਤੀ ਦੌਰ ‘ਚ ਵਿਵੇਕ ਰਾਮਾਸਵਾਮੀ ਨੇ ਡੋਨਾਲਡ ਟਰੰਪ ਦੀ ਤਾਰੀਫ ਕੀਤੀ ਅਤੇ ਖੁਦ ਨੂੰ ਟਰੰਪ ਦੇ ਕਰੀਬ ਦਿਖਾਉਣ ਦੀ ਕੋਸ਼ਿਸ਼ ਕੀਤੀ। ਟਰੰਪ ਨੇ ਵੀ ਰਾਮਾਸਵਾਮੀ ਦਾ ਸਮਰਥਨ ਕੀਤਾ। ਹਾਲਾਂਕਿ ਪਿਛਲੇ ਦਿਨੀਂ ਰਾਮਾਸਵਾਮੀ ਦੀ ਪ੍ਰਚਾਰ ਟੀਮ ਵੱਲੋਂ ਡੋਨਾਲਡ ਟਰੰਪ ਖ਼ਿਲਾਫ਼ ਇੰਟਰਨੈੱਟ ‘ਤੇ ਕਈ ਪੋਸਟਾਂ ਪਾਈਆਂ ਗਈਆਂ ਸਨ, ਜਿਸ ਕਾਰਨ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਟੀਮ ਨਾਰਾਜ਼ ਹੋ ਗਈ ਸੀ। ਇਸ ਤੋਂ ਬਾਅਦ ਟਰੰਪ ਨੇ ਵੀ ਰਾਮਾਸਵਾਮੀ ਨੂੰ ਪਾਖੰਡੀ ਦੱਸਦੇ ਹੋਏ ਉਨ੍ਹਾਂ ਦੀ ਤਿੱਖੀ ਆਲੋਚਨਾ ਕੀਤੀ।