ਵਾਸ਼ਿੰਗਟਨ, 30 ਜੁਲਾਈ (ਪੰਜਾਬ ਮੇਲ)- ਅਮਰੀਕਾ ਵਿਚ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਗ੍ਰੀਨ ਕਾਰਡ ਧਾਰਕਾਂ ਖਾਸ ਕਰਕੇ ਭਾਰਤੀ ਅਮਰੀਕੀਆਂ ਨੂੰ ਨਾਗਰਿਕ ਅਤੇ ਵੋਟਰ ਬਣਾਉਣ ਲਈ ਮੁਹਿੰਮ ਚਲਾਈ ਗਈ ਹੈ। ਅਸਲ ਵਿਚ ਰਾਸ਼ਟਰਪਤੀ ਚੋਣਾਂ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਭੂਮਿਕਾ ਅਹਿਮ ਹੈ। ਸੱਤਾਧਾਰੀ ਡੈਮੋਕਰੇਟਸ ਅਤੇ ਵਿਰੋਧੀ ਰਿਪਬਲਿਕਨਾਂ ਵੱਲੋਂ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਉਥੇ ਰਹਿਣ ਵਾਲੇ ਗ੍ਰੀਨ ਕਾਰਡ ਧਾਰਕਾਂ ਨੂੰ ਨਾਗਰਿਕਤਾ ਅਤੇ ਵੋਟਿੰਗ ਲਈ ਰਜਿਸਟਰ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਨੂੰ ਨਾਗਰਿਕਤਾ ਹਾਸਲ ਕਰਨ ਅਤੇ ਵੋਟਿੰਗ ਵਿਚ ਅਹਿਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਜੇਕਰ ਗ੍ਰੀਨ ਕਾਰਡ ਧਾਰਕ ਪੰਜ ਸਾਲਾਂ ਲਈ ਅਮਰੀਕਾ ਵਿਚ ਰਹਿੰਦੇ ਹਨ, ਤਾਂ ਉਹ ਨਾਗਰਿਕਤਾ ਦੇ ਯੋਗ ਬਣ ਜਾਂਦੇ ਹਨ। ਕਾਰਡ ਧਾਰਕਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਅਮਰੀਕਨ ਅਤੇ ਏਸ਼ੀਆਈ ਅਮਰੀਕੀ ਸ਼ਾਮਲ ਹਨ। ਏਸ਼ੀਅਨ ਅਮਰੀਕਨ ਪੈਸੀਫਿਕ ਆਈਲੈਂਡਰਜ਼ ਵਿਕਟਰੀ ਫੰਡ ਦੇ ਪ੍ਰਧਾਨ ਅਤੇ ਸੰਸਥਾਪਕ ਸ਼ੇਖਰ ਨਰਸਿਮਹਨ ਨੇ ਉੱਥੇ ਰਹਿਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਕੋਲ ਗ੍ਰੀਨ ਕਾਰਡ ਹੈ ਅਤੇ ਤੁਸੀਂ ਇੱਥੇ ਪੰਜ ਸਾਲ ਤੋਂ ਹੋ, ਤਾਂ ਨਾਗਰਿਕਤਾ ਪ੍ਰਾਪਤ ਕਰੋ। ਵੋਟ ਪਾਉਣ ਲਈ ਰਜਿਸਟਰ ਕਰੋ। ਇੱਕ ਵਟਸਐਪ ਗਰੁੱਪ ਬਣਾਓ ਅਤੇ ਇਸ ਵਿਚ ਆਪਣੇ 20 ਦੋਸਤਾਂ ਨੂੰ ਸ਼ਾਮਲ ਕਰੋ। ਰਜਿਸਟਰ ਕਰਨ ਲਈ ਹਰ ਰੋਜ਼ ਇੱਕ ਦੂਜੇ ਨੂੰ ਯਾਦ ਦਿਵਾਓ। ਇਹ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੋਅ ਬਾਇਡਨ ਦੀ ਸਰਕਾਰ ਦੇ ਅਧੀਨ ਨਾਗਰਿਕਤਾ ਹਾਸਲ ਕਰਨ ਲਈ ਸਿਰਫ਼ ਤਿੰਨ ਹਫ਼ਤੇ ਲੱਗ ਰਹੇ ਹਨ। ਇਹ ਸਭ ਕੁਝ ਸਿਰਫ਼ 100 ਦਿਨਾਂ ਵਿਚ ਹੋ ਜਾਵੇਗਾ।