-ਹੈਰਿਸ ਨੂੰ ਮਾਮੂਲੀ ਬੜਤ; ਕੋਈ ਵੀ ਉਮੀਦਵਾਰ ਮਾਰ ਸਕਦਾ ਹੈ ਬਾਜ਼ੀ
ਸੈਕਰਾਮੈਂਟੋ, 29 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ‘ਚ ਕੇਵਲ ਕੁਝ ਦਿਨ ਬਾਕੀ ਹਨ ਤੇ 5 ਨਵੰਬਰ ਨੂੰ ਵੋਟਾਂ ਪਾਉਣ ਦਾ ਆਖਰੀ ਦਿਨ ਹੈ ਪਰੰਤੂ ਅਜੇ ਤੱਕ ਵੀ ਕਿਸੇ ਇਕ ਉਮੀਦਵਾਰ ਦੇ ਹੱਕ ਵਿਚ ਹਵਾ ਦਾ ਰੁਖ ਨਹੀਂ ਹੈ। 2 ਤਾਜ਼ਾ ਸਰਵੇਖਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਆਪਣੇ ਵਿਰੋਧੀ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਉਪਰ ਪਿਛਲੇ ਸਰਵੇਖਣ ਵਾਂਗ ਮਾਮੂਲੀ ਬੜਤ ਹਾਸਲ ਹੈ, ਜਿਸ ਬੜਤ ਨੂੰ ਪੱਕੀ ਨਹੀਂ ਸਮਝਿਆ ਜਾ ਰਿਹਾ ਹੈ। ਸੀ.ਬੀ.ਐੱਸ. ਨਿਊਜ਼/ਯੂਗੋਵ ਪੋਲ ਦੇ ਸਰਵੇ ਅਨੁਸਾਰ ਹੈਰਿਸ ਆਪਣੇ ਵਿਰੋਧੀ ਟਰੰਪ ਨਾਲੋਂ ਰਾਸ਼ਟਰੀ ਪੱਧਰ ‘ਤੇ ਕੇਵਲ 1% ਵੋਟਾਂ ਨਾਲ ਅੱਗੇ ਹਨ। ਹੈਰਿਸ ਨੂੰ 50% ਤੇ ਟਰੰਪ ਨੂੰ 49% ਸੰਭਾਵੀ ਮੱਤਦਾਤਾ ਦਾ ਸਮਰਥਨ ਹਾਸਲ ਹੈ। ਅੱਧ ਅਕਤੂਬਰ ਵਿਚ ਹੈਰਿਸ ਨੂੰ 51% ਤੇ ਟਰੰਪ ਨੂੰ 48% ਮੱਤਦਾਤਾ ਦਾ ਸਮਰਥਨ ਹਾਸਲ ਸੀ। ਏ.ਬੀ.ਸੀ. ਨਿਊਜ਼/ਇਪੋਸਸ ਚੋਣ ਸਰਵੇ ਅਨੁਸਾਰ ਹੈਰਿਸ ਨੂੰ ਟਰੰਪ ਉਪਰ 4% ਬੜਤ ਹਾਸਲ ਹੈ। ਹੈਰਿਸ ਦੇ ਹੱਕ ਵਿਚ 51% ਮੱਤਦਾਤਾ ਹਨ, ਜਦਕਿ ਟਰੰਪ ਦੇ ਹੱਕ ਵਿਚ 47% ਮੱਤਦਾਤਾ ਹਨ। ਪਰੰਤੂ ਇਸ ਸਰਵੇ ਵਿਚ ਗਲਤੀ ਦੀ ਪ੍ਰਤੀਸ਼ਤ 2.5% ਮਨਫੀ/ਜਮਾਂ ਰੱਖੀ ਗਈ ਹੈ। ਸਰਵੇਕਾਰ ਇਸ ਗੱਲ ਨਾਲ ਸਹਿਮਤ ਹਨ ਕਿ ਹਾਰ ਜਾਂ ਜਿੱਤ ਇਸ ਤੱਥ ਉਪਰ ਨਿਰਭਰ ਕਰੇਗੀ ਕਿ ਚੋਣ ਵਾਲੇ ਦਿਨ ਕਿਹੜਾ ਉਮੀਦਵਾਰ ਜਾਂ ਪਾਰਟੀ ਆਪਣੇ ਸਮਰਥਕਾਂ ਨੂੰ ਮੱਤਦਾਤਾ ਕੇਂਦਰ ਤੱਕ ਪਹੁੰਚਾਉਣ ਵਿਚ ਸਫਲ ਹੁੰਦੀ ਹੈ। ਘੱਟੋ-ਘੱਟ 7 ਅਹਿਮ ਰਾਜਾਂ ਵਿਚ ਤਾਂ ਅਜਿਹੇ ਹੀ ਹਾਲਾਤ ਹਨ, ਜੋ ਰਾਜ ਕਿਸੇ ਵੀ ਉਮੀਦਵਾਰ ਦੇ ਵ੍ਹਾਈਟ ਹਾਊਸ ਵਿਚ ਪਹੁੰਚਣ ਲਈ ਫੈਸਲਾਕੁੰਨ ਸਾਬਤ ਹੋਣਗੇ। ਹਾਲਾਂ ਕਿ ਏ.ਬੀ.ਸੀ. ਦੇ ਸਰਵੇ ਵਿਚ ਹੈਰਿਸ ਨੂੰ 4% ਮੱਤਦਾਤਾ ਦਾ ਵਧ ਸਮਰਥਨ ਹਾਸਲ ਹੈ ਪਰੰਤੂ ਸਰਵੇਕਾਰਾਂ ਦਾ ਮੰਨਣਾ ਹੈ ਕਿ ਫੈਸਲਾਕੁੰਨ ਰਾਜ ਪੈਨਸਿਲਵੇਨੀਆ, ਮਿਸ਼ੀਗਨ, ਵਿਸਕਾਨਸਿਨ, ਉੱਤਰੀ ਕੈਰੋਲੀਨਾ, ਜਾਰਜੀਆ, ਐਰੀਜ਼ੋਨਾ ਤੇ ਨੇਵਾਡਾ ਵਿਚ ਮੁਕਾਬਲਾ ਬਹੁਤ ਫਸਵਾਂ ਹੈ। ਮਤਦਾਨ ਕਰਨ ਵਾਲੇ ਸੰਭਾਵਿਤ ਮੱਤਦਾਤਾ ਤੋਂ ਇਲਾਵਾ ਸਾਰੇ ਦਰਜ ਮੱਤਦਾਤਾਵਾਂ ਵਿਚ ਵੀ ਹੈਰਿਸ 2% ਵੋਟਾਂ ਨਾਲ ਅੱਗੇ ਹਨ। ਹੈਰਿਸ ਨੂੰ 49% ਤੇ ਟਰੰਪ ਨੂੰ 47% ਮੱਤਦਾਤਾਵਾਂ ਦਾ ਸਮਰਥਨ ਹਾਸਲ ਹੈ। ਇਹ ਸਰਵੇ 18 ਤੋਂ 22 ਅਕਤੂਬਰ ਦਰਮਿਆਨ 2802 ਇੰਗਲਿਸ਼ ਤੇ ਸਪੈਨਿਸ਼ ਬਾਲਗਾਂ ਉਪਰ ਆਨਲਾਈਨ ਕੀਤਾ ਗਿਆ। ਸੰਭਾਵਿਤ ਮੱਤਦਾਤਾ ਸਰਵੇ ਵਿਚ 2.5% ਗਲਤੀ ਦੀ ਸੰਭਾਵਨਾ ਰੱਖੀ ਗਈ ਹੈ। ਜਦਕਿ ਦਰਜ ਸਮੁੱਚੇ ਮੱਤਦਾਤਾ ਵਿਚ ਗਲਤੀ ਦੀ ਸੰਭਾਵਨਾ 2% ਰੱਖੀ ਗਈ ਹੈ। ਡੈਮੋਕਰੈਟਿਕ ਪਾਰਟੀ ਨਾਲ ਜੁੜੇ 90% ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਸਿਹਤ ਦਾ ਮੁੱਦਾ ਸਭ ਤੋਂ ਉਪਰ ਹੈ, ਜਦਕਿ 64% ਰਿਪਬਲੀਕਨ ਸਮਰਥਕਾਂ ਲਈ ਸਿਹਤ ਦਾ ਮੁੱਦਾ ਅਹਿਮ ਹੈ। 91% ਡੈਮੋਕਰੈਟਿਕ ਸਮਰਥਕ ਲੋਕਤੰਤਰ ਦੀ ਰਾਖੀ ਦੇ ਮੁੱਦੇ ਨੂੰ ਅਹਿਮੀਅਤ ਦੇ ਰਹੇ ਹਨ, ਜਦਕਿ 80% ਰਿਪਬਲੀਕਨ ਸਮਰਥਕ ਲੋਕਤੰਤਰ ਦੀ ਰਾਖੀ ਨੂੰ ਅਹਿਮ ਸਮਝਦੇ ਹਨ। ਦੂਸਰੇ ਪਾਸੇ 96% ਦਰਜ ਰਿਪਬਲੀਕਨ ਮੱਤਦਾਤਾ ਦਾ ਕਹਿਣਾ ਹੈ ਕਿ ਅਰਥਵਿਵਸਥਾ ਉਨ੍ਹਾਂ ਲਈ ਸਭ ਤੋਂ ਉਪਰ ਹੈ, ਜਦਕਿ 86% ਡੈਮੋਕਰੈਟਿਕ ਸਮਰਥਕ ਮੱਤਦਾਤਾ ਅਰਥਵਿਵਸਥਾ ਦੇ ਮੁੱਦੇ ਨੂੰ ਅਹਿਮ ਸਮਝਦੇ ਹਨ। 90% ਰਿਪਬਲੀਕਨ ਸਮਰਥਕ ਮੱਤਦਾਤਾ ਦਾ ਕਹਿਣਾ ਹੈ ਕਿ ਯੂ.ਐੱਸ.- ਮੈਕਸੀਕੋ ਬਾਰਡਰ ‘ਤੇ ਇਮੀਗ੍ਰੇਸ਼ਨ ਸਿਸਟਮ ਉਨ੍ਹਾਂ ਲਈ ਬਹੁਤ ਵੱਡਾ ਮਹੱਤਵ ਰੱਖਦਾ ਹੈ, ਜਦਕਿ 50% ਡੈਮੋਕਰੈਟਿਕ ਸਮਰਥਕ ਇਸ ਮੁੱਦੇ ਨੂੰ ਅਹਿਮ ਸਮਝਦੇ ਹਨ।
ਅਮਰੀਕੀ ਰਾਸ਼ਟਰਪਤੀ ਚੋਣਾਂ; ਨਵੇਂ ਸਰਵੇਖਣਾਂ ‘ਚ ਵੀ ਨਹੀਂ ਬਦਲਿਆ ਅੰਕੜਾ, ਹੈਰਿਸ ਤੇ ਟਰੰਪ ਵਿਚਾਲੇ ਕਾਂਟੇ ਦੀ ਟੱਕਰ
