-78 ਲੱਖ ਵੋਟਾਂ ਸ਼ੁਰੂਆਤੀ ਵਿਅਕਤੀਗਤ ਵੋਟਿੰਗ ਰਾਹੀਂ, ਜਦਕਿ 1.3 ਕਰੋੜ ਵੋਟਾਂ ਪੋਸਟਲ ਬੈਲਟ ਰਾਹੀਂ ਪਾਈਆਂ
ਵਾਸ਼ਿੰਗਟਨ, 23 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ 2 ਹਫਤੇ ਪਹਿਲਾਂ ਹੀ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜ਼ੋਰਦਾਰ ਚੋਣ ਮੁਹਿੰਮ ਦੌਰਾਨ ਘੱਟੋ-ਘੱਟ 2.1 ਕਰੋੜ ਅਮਰੀਕੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਚੁੱਕੇ ਹਨ। ਫਲੋਰੀਡਾ ਯੂਨੀਵਰਸਿਟੀ ਦੀ ਚੋਣ ਪ੍ਰਯੋਗਸ਼ਾਲਾ ਦੇ ਅੰਕੜਿਆਂ ਅਨੁਸਾਰ, ਲਗਭਗ 78 ਲੱਖ ਵੋਟਰਾਂ ਨੇ ਸ਼ੁਰੂਆਤੀ ਵਿਅਕਤੀਗਤ ਵੋਟਿੰਗ ਰਾਹੀਂ ਵੋਟ ਪਾਈ ਹੈ, ਜਦੋਂ ਕਿ ਬਾਕੀ 1.3 ਕਰੋੜ ਵੋਟਾਂ ਪੋਸਟਲ ਬੈਲਟ ਰਾਹੀਂ ਪਾਈਆਂ ਗਈਆਂ ਹਨ।
ਭਾਰਤ ‘ਚ ਹੋਣ ਵਾਲੀਆਂ ਆਮ ਚੋਣਾਂ ‘ਚ, ਜਿੱਥੇ ਵੋਟਿੰਗ ਤੋਂ 36 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੋ ਜਾਂਦਾ ਹੈ, ਉਥੇ ਹੀ ਇਸ ਦੇ ਉਲਟ ਅਮਰੀਕਾ ‘ਚ ਚੋਣ ਪ੍ਰਚਾਰ ਅਤੇ ਵੋਟਿੰਗ ਘੱਟੋ-ਘੱਟ 4 ਹਫਤਿਆਂ ਤੱਕ ਨਾਲੋ-ਨਾਲ ਚੱਲਦੀ ਰਹਿੰਦੀ ਹੈ। ਅਮਰੀਕਾ ‘ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਤੂ ਦਾ ਫੈਸਲਾ ਸੱਤ ਰਾਜਾਂ- ਐਰੀਜ਼ੋਨਾ, ਨੇਵਾਡਾ, ਵਿਸਕਾਨਸਿਨ, ਮਿਸ਼ੀਗਨ, ਪੈਨਸਿਲਵੇਨੀਆ, ਉੱਤਰੀ ਕੈਰੋਲੀਨਾ ਅਤੇ ਜਾਰਜੀਆ ਦੇ ਨਤੀਜਿਆਂ ਦੇ ਆਧਾਰ ‘ਤੇ ਕੀਤਾ ਜਾਵੇਗਾ।
ਅਮਰੀਕਾ ਵਿਚ ਸ਼ੁਰੂਆਤੀ ਵੋਟਿੰਗ ਅਮਰੀਕੀ ਵੋਟਰਾਂ ਲਈ ਇੱਕ ਵਿਲੱਖਣ ਵਿਵਸਥਾ ਹੈ, ਜਿਸ ਵਿਚ ਵੋਟਰ ਜਾਂ ਤਾਂ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਪਾਉਂਦੇ ਹਨ, ਜਿਸ ਦੀ ਤੁਲਨਾ ਕੁੱਝ ਮਾਈਨਿਆਂ ‘ਚ ਭਾਰਤ ਦੇ ਪੋਸਟਲ ਬੈਲਟ ਨਾਲ ਕੀਤੀ ਜਾ ਸਕਦੀ ਜਾਂਦੀ ਹੈ, ਜਾਂ ਨਿਰਧਾਰਤ ਪੋਲਿੰਗ ਸਟੇਸ਼ਨਾਂ ‘ਤੇ ਜਾ ਕੇ ਵੋਟ ਪਾਉਂਦੇ ਹਨ, ਜੋ ਕਈ ਰਾਜਾਂ ਵਿਚ ਅਸਲ ਵੋਟਿੰਗ ਦਿਨ ਤੋਂ ਕੁੱਝ ਪਹਿਲਾਂ ਹਫ਼ਤੇ ਪਹਿਲਾਂ ਖੁੱਲ੍ਹਦੇ ਹਨ। ਫਲੋਰੀਡਾ ਯੂਨੀਵਰਸਿਟੀ ਦੀ ਇਲੈਕਸ਼ਨ ਲੈਬ ਦੇ ਅਨੁਸਾਰ, ਏਸ਼ੀਆਈ ਅਮਰੀਕੀਆਂ ਵਿਚ ਸ਼ੁਰੂਆਤੀ ਵੋਟਿੰਗ ਸਿਰਫ 1.7 ਫ਼ੀਸਦੀ ਹੈ। ਹਾਲਾਂਕਿ ਕਈ ਥਾਵਾਂ ‘ਤੇ ਕਈ ਭਾਰਤੀ ਅਮਰੀਕੀ ਆਪਣੀ ਵੋਟ ਪਾਉਣ ਲਈ ਕਤਾਰਾਂ ‘ਚ ਖੜ੍ਹੇ ਨਜ਼ਰ ਆਏ।