ਸੈਕਰਾਮੈਂਟੋ, 26 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਦਿਨ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਸਥਿਤੀ ਸਾਫ ਹੁੰਦੀ ਜਾ ਰਹੀ ਹੈ। ਇਸ ਵਾਰ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਤੇ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਵਿਚਾਲੇ 2020 ਦੀਆਂ ਚੋਣਾਂ ਨਾਲੋਂ ਵੀ ਮੁਕਾਬਲਾ ਵਧੇਰੇ ਫਸਵਾਂ ਬਣਦਾ ਜਾ ਰਿਹਾ ਹੈ। 2020 ‘ਚ ਵੋਟਾਂ ਦੀ ਗਿਣਤੀ ਵਿਚ ਧਾਂਦਲੀਆਂ ਦਾ ਦੋਸ਼ ਲਾ ਕੇ ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਬਗਾਵਤ ਕਰਨ ਲਈ ਉਕਸਾਇਆ ਸੀ। ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕਮਲਾ ਹੈਰਿਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਉਨ੍ਹਾਂ ਦਾ ਵਿਰੋਧੀ ਉਮੀਦਵਾਰ ਟਰੰਪ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੋਂ ਪਹਿਲਾਂ ਹੀ ਆਪਣੀ ਜਿੱਤ ਦਾ ਐਲਾਨ ਕਰ ਸਕਦਾ ਹੈ। ਰਾਈਟਰਜ਼/ਇਪਸੋਸ ਵੱਲੋਂ ਕੀਤੇ ਤਾਜ਼ਾ ਸਰਵੇ ਅਨੁਸਾਰ ਰਾਸ਼ਟਰੀ ਪੱਧਰ ‘ਤੇ ਹੈਰਿਸ ਨੂੰ ਟਰੰਪ ਉਪਰ ਮਾਮੂਲੀ ਬੜਤ ਹਾਸਲ ਹੈ। ਯੂ.ਐੱਸ. ਟੂਡੇਅ/ਸੁਫੋਲਕ ਯੂਨੀਵਰਸਿਟੀ ਦੇ ਵਿਸ਼ੇਸ਼ ਸਰਵੇ ਜਿਸ ਨੂੰ ਬੀਤੇ ਦਿਨੀਂ ਜਾਰੀ ਕੀਤਾ ਗਿਆ ਹੈ, ਅਨੁਸਾਰ ਹੈਰਿਸ ਦੇ ਹੱਕ ਵਿਚ 45% ਅਮਰੀਕੀ ਮੱਤਦਾਤਾ ਹਨ, ਜਦਕਿ 44% ਮੱਤਦਾਤਾ ਟਰੰਪ ਦੇ ਹੱਕ ਵਿਚ ਹਨ। ਅਗਸਤ ਵਿਚ ਕੀਤੇ ਸਰਵੇ ਦੀ ਤੁਲਨਾ ਵਿਚ ਇਸ ਤਾਜ਼ਾ ਸਰਵੇ ਵਿਚ ਵਧੇਰੇ ਫਸਵਾਂ ਮੁਕਾਬਲਾ ਬਣਦਾ ਨਜ਼ਰ ਆ ਰਿਹਾ ਹੈ। ਹੈਰਿਸ ਦੇ ਇਕ ਸਲਾਹਕਾਰ ਨੇ ਕਿਹਾ ਹੈ ਕਿ 7 ਅਹਿਮ ਰਾਜਾਂ ਵਿਚ ਕੇਵਲ 1% ਦੇ ਫਰਕ ਨਾਲ ਫੈਸਲਾ ਹੋਵੇਗਾ। ਯੂ.ਐੱਸ. ਟੂਡੇ/ਸੁਫੋਲਕ ਯੂਨੀਵਰਸਿਟੀ ਦੇ ਸਰਵੇ ਅਨੁਸਾਰ ਟਰੰਪ ਦੀ ਤੁਲਨਾ ਵਿਚ 17% ਵਧ ਔਰਤ ਮੱਤਦਾਤਾ ਹੈਰਿਸ ਨੂੰ ਚਾਹੁੰਦੇ ਹਨ, ਜਦਕਿ ਹੈਰਿਸ ਦੀ ਤੁਲਨਾ ਵਿਚ 16% ਵਧ ਮਰਦ ਮੱਤਦਾਤਾ ਟਰੰਪ ਦੇ ਹੱਕ ਵਿਚ ਹਨ। ਇਸੇ ਦੌਰਾਨ ਕਮਲਾ ਹੈਰਿਸ ਨੇ ਲਿੰਗ ਆਧਾਰਿਤ ਪ੍ਰਚਾਰ ਨੂੰ ਰੱਦ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਇਹ ਉਸ ਲਈ ਨਾਕਾਰਤਮਕ ਪਹਿਲੂ ਹੈ। ਉਨ੍ਹਾਂ ਸਰਵੇ ਉਪਰੰਤ ਇਕ ਚੈਨਲ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ”ਮੈਂ ਕਦੀ ਵੀ ਨਹੀਂ ਚਾਹੁੰਦੀ ਕਿ ਸਾਡਾ ਦੇਸ਼ ਲਿੰਗ ਜਾਂ ਨਸਲ ਦੇ ਆਧਾਰ ‘ਤੇ ਆਪਣਾ ਆਗੂ ਚੁਣੇ। ਇਸ ਦੀ ਬਜਾਏ ਆਗੂਆਂ ਨੂੰ ਵੋਟਾਂ ਦੇਸ਼ ਦੀ ਵਾਸਤਵਿਕਤਾ ਦੇ ਆਧਾਰ ‘ਤੇ ਮੰਗਣੀਆਂ ਚਾਹੀਦੀਆਂ ਹਨ।” ਹੈਰਿਸ ਨੇ ਹੋਰ ਕਿਹਾ ਕਿ ਮੇਰਾ ਵਿਸ਼ਵਾਸ ਹੈ ਕਿ ਅਮਰੀਕੀ ਇਕ ਔਰਤ ਆਗੂ ਲਈ ਬਿਲਕੁੱਲ ਤਿਆਰ ਹਨ ਤੇ ਇਕ ਗੈਰ ਗੋਰੀ ਔਰਤ ਰਾਸ਼ਟਰਪਤੀ ਬਣਨ ਲਈ ਤਿਆਰ ਹੈ। ਉਨ੍ਹਾਂ ਹੱਸਦਿਆਂ ਹੋਇਆਂ ਕਿਹਾ ”ਹਾਂ ਮੈ ਸਪੱਸ਼ਟ ਕਰਦੀ ਹਾਂ ਕਿ ਮੈਂ ਔਰਤ ਹਾਂ, ਮੈਨੂੰ ਇਸ ਸਬੰਧੀ ਹੋਰ ਕਿਸੇ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਹੈ।” ਹੈਰਿਸ ਨੇ ਐੱਨ.ਬੀ.ਸੀ. ਨਿਊਜ਼ ਦੇ ਪ੍ਰਤੀਨਿੱਧ ਹੈਲੀ ਜੈਕਸਨ ਨਾਲ ਗੱਲਬਾਤ ਦੌਰਾਨ ਹੋਰ ਕਿਹਾ ਕਿ ਉਸ ਦੇ ਚੋਣ ਮੁਹਿੰਮ ਸੰਚਾਲਕ ਆਪਣੇ ਆਪ ਨੂੰ ਉਸ ਸੰਭਾਵਨਾ ਦੇ ਮੱਦੇਨਜ਼ਰ ਤਿਆਰ ਕਰ ਰਹੇ ਹਨ, ਜਿਸ ਸੰਭਾਵਨਾ ਤਹਿਤ ਟਰੰਪ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਜੇਤੂ ਐਲਾਨ ਸਕਦੇ ਹਨ। ਉਨ੍ਹਾਂ ਕਿਹਾ ਕਿ ”ਦੋ ਹਫਤੇ ਬਾਕੀ ਹਨ ਤੇ ਅਸੀਂ ਮੌਜੂਦਾ ਸਥਿਤੀ ਦੇ ਮੱਦੇਨਜਰ ਜ਼ਮੀਨੀ ਪੱਧਰ ‘ਤੇ ਸੋਚ ਰਹੇ ਹਾਂ। ਅਸੀਂ ਚੋਣ ਵਾਲੀ ਰਾਤ ਤੇ ਅਗਲੇ ਦਿਨਾਂ ਦੌਰਾਨ ਪੈਦਾ ਹੋਣ ਵਾਲੀ ਸਥਿਤੀ ਲਈ ਤਿਆਰ ਹਾਂ। ਸਾਡੇ ਕੋਲ ਸਾਧਨ ਹਨ ਤੇ ਮਾਹਿਰ ਹਨ। ਅਸੀਂ ਸਮੁੱਚੀ ਸਥਿਤੀ ਵੱਲ ਤਵਜੋਂ ਦੇ ਰਹੇ ਹਾਂ।”