ਡੇਸ ਮੋਇਨੇਸ (ਅਮਰੀਕਾ), 15 ਜਨਵਰੀ (ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨਜ਼ਰਾਂ ਸੋਮਵਾਰ ਰਾਤ ਨੂੰ ਆਇਓਵਾ ਕਾਕਸ ਵਿਚ ਹੋਣ ਵਾਲੀ ਵੋਟਿੰਗ ‘ਤੇ ਟਿਕੀਆਂ ਹੋਈਆਂ ਹਨ, ਜੋ 2024 ਦੇ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੂੰ ਚੁਣਨ ਦੀ ਲੰਬੀ ਪ੍ਰਕਿਰਿਆ ਸ਼ੁਰੂ ਕਰਦੀ ਹੈ। ਆਇਓਵਾ ਕਾਕਸ ਵਿਚ ਜਿੱਤ ਇੱਕ ਸੁਨੇਹਾ ਦੇਵੇਗੀ ਕਿ ਨਾ ਤਾਂ ਹੱਡੀਆਂ ਨੂੰ ਕੰਬਾ ਦੇਣ ਵਾਲੀ ਠੰਡ ਅਤੇ ਨਾ ਹੀ ਕਾਨੂੰਨੀ ਲੜਾਈ ਉਸਨੂੰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਦੀ ਦੌੜ ਵਿਚ ਰੋਕ ਸਕਦੀ ਹੈ।
ਆਇਓਵਾ ਕਾਕਸ ਦੀ ਮੀਟਿੰਗ ਸਥਾਨਕ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋਈ। ਕਾਕਸ ਦੇ ਭਾਗੀਦਾਰ 1,500 ਤੋਂ ਵੱਧ ਸਕੂਲਾਂ, ਚਰਚਾਂ ਅਤੇ ਕਮਿਊਨਿਟੀ ਸੈਂਟਰਾਂ ‘ਚ ਆਪਣੇ ਵਿਚਾਰ ਪੇਸ਼ ਕਰਨ ਅਤੇ ਗੁਪਤ ਵੋਟ ਪਾਉਣ ਲਈ ਇਕੱਠੇ ਹੋਣਗੇ। ਟਰੰਪ ਭਰੋਸੇਮੰਦ ਦਿਖਾਈ ਦਿੰਦੇ ਹਨ, ਜਦੋਂਕਿ ਉਨ੍ਹਾਂ ਦੇ ਇੱਕ ਸਮੇਂ ਦੇ ਮੁੱਖ ਵਿਰੋਧੀ ਰਹੇ ਫਲੋਰਿਡਾ ਦੇ ਗਵਰਨਰ ਆਰ. ਡੀਸੈਂਟਿਸ, ਆਪਣੇ ਸਿਆਸੀ ਬਚਾਅ ਲਈ ਲੜ ਰਹੇ ਹਨ। ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ ਨਿੱਕੀ ਹੈਲੀ, ਪਾਰਟੀ ਦੀ ਉਮੀਦਵਾਰ ਬਣਨ ਦੀ ਦੌੜ ਵਿਚ ਇਕਲੌਤੀ ਔਰਤ, ਡੀਸੈਂਟਿਸ ਦਾ ਮੁਕਾਬਲਾ ਕਰ ਰਹੀ ਹੈ। ਦੋਵਾਂ ਨੇ ਸਾਬਕਾ ਰਾਸ਼ਟਰਪਤੀ ਦੇ ਬਦਲ ਦੀ ਪੇਸ਼ਕਸ਼ ਕਰਦੇ ਹੋਏ ਹਾਲ ਹੀ ਦੇ ਹਫ਼ਤਿਆਂ ਵਿਚ ਹਮਲਾਵਰ ਪ੍ਰਚਾਰ ਕੀਤਾ ਹੈ। ਚੋਣਾਂ ਤੋਂ ਪਹਿਲਾਂ ਦੇ ਸਰਵੇਖਣ ਦੱਸਦੇ ਹਨ ਕਿ ਆਇਓਵਾ ਵਿਚ ਟਰੰਪ ਨੂੰ ਵੱਡੀ ਜਿੱਤ ਮਿਲੇਗੀ।