#AMERICA

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਟਰੰਪ ਦਾ ਦਬਦਬਾ

– ਰਾਮਾਸਵਾਮੀ ਤੋਂ ਬਾਅਦ ਡੀ-ਸੈਂਟਿਸ ਵੀ ਬਾਹਰ; ਟਰੰਪ ਨੂੰ ਸਮਰਥਨ ਦਾ ਕੀਤਾ ਐਲਾਨ
– ਕਿਹਾ; ਟਰੰਪ ਖਿਲਾਫ ਜਿੱਤਣਾ ਮੇਰੇ ਲਈ ਅਸੰਭਵ, ਨਿੱਕੀ ਅਤੇ ਬਾਇਡਨ ਤੋਂ ਬਿਹਤਰ ਹੈ ਟਰੰਪ
ਵਾਸ਼ਿੰਗਟਨ, 23 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਤੋਂ ਬਾਅਦ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਹੁਣ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਦੀ ਦੌੜ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਐਲਾਨ ਕੀਤਾ ਕਿ ਉਹ ਚੋਣ ਨਹੀਂ ਲੜਨਗੇ। ਡੀਸੈਂਟਿਸ ਨੇ ਇਹ ਵੀ ਐਲਾਨ ਕੀਤਾ ਕਿ ਉਹ ਚੋਣਾਂ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਕਰਨਗੇ।
ਡੀਸੈਂਟਿਸ ਨੇ ਕਿਹਾ, ‘ਟਰੰਪ ਅਤੇ ਮੇਰੇ ਵਿਚ ਕੋਰੋਨਾ ਅਤੇ ਚੀਫ ਮੈਡੀਕਲ ਸਲਾਹਕਾਰ ਐਂਥਨੀ ਫੌਸੀ ਦੇ ਕਈ ਮੁੱਦਿਆਂ ‘ਤੇ ਅਸਹਿਮਤੀ ਰਹੀ ਹੈ, ਪਰ ਫਿਰ ਵੀ ਉਹ ਜੋਅ ਬਾਇਡਨ ਤੋਂ ਕਾਫੀ ਬਿਹਤਰ ਹਨ। ਇਸ ਲਈ ਮੈਂ ਉਨ੍ਹਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਨਿੱਕੀ ਹੇਲੀ ਦਾ ਸਮਰਥਨ ਨਹੀਂ ਕਰ ਸਕਦਾ ਕਿਉਂਕਿ ਉਸ ਦੀਆਂ ਵਿਚਾਰਧਾਰਾਵਾਂ ਪੁਰਾਣੇ ਰਿਪਬਲਿਕਨ ਨੇਤਾਵਾਂ ਨਾਲ ਮਿਲਦੀਆਂ-ਜੁਲਦੀਆਂ ਹਨ। ਉਨ੍ਹਾਂ ਕੋਲ ਦੇਸ਼ ਲਈ ਕਰਨ ਲਈ ਕੁਝ ਨਵਾਂ ਨਹੀਂ ਹੈ।
ਰੌਨ ਡੀਸੈਂਟਿਸ ਨੇ ਚੋਣਾਂ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ ਅਤੇ ਟਰੰਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਡੀ -ਸੈਂਟਿਸ ਨੇ ਕਿਹਾ, ‘ਨਿੱਕੀ ਹੈਲੀ ਕੋਲ ਦੇਸ਼ ਲਈ ਕੁਝ ਨਵਾਂ ਨਹੀਂ ਹੈ।’
ਡੀਸੈਂਟਿਸ ਦੇ ਪਿੱਛੇ ਹਟਣ ਤੋਂ ਬਾਅਦ ਹੁਣ ਰਿਪਬਲਿਕਨ ਪਾਰਟੀ ‘ਚ ਟਰੰਪ ਅਤੇ ਹੇਲੀ ਵਿਚਾਲੇ ਸਿੱਧਾ ਟਕਰਾਅ ਹੋ ਗਿਆ ਹੈ। ਇਸ ਹਫਤੇ ਦੇ ਅੰਤ ਵਿਚ ਇਹ ਸਪੱਸ਼ਟ ਹੋ ਗਿਆ ਹੈ ਕਿ ਰੌਨ ਡੀਸੈਂਟਿਸ ਕੋਲ ਚਲਾਉਣ ਲਈ ਕੋਈ ਫੰਡ ਨਹੀਂ ਬਚਿਆ ਹੈ। ਇਸ ਤੋਂ ਬਾਅਦ ਬੀਤੇ ਐਤਵਾਰ ਸਵੇਰੇ ਉਨ੍ਹਾਂ ਨੇ ਆਪਣੇ ਸਭ ਤੋਂ ਵੱਡੇ ਕੈਂਪੇਨ ਦਾਨੀਆਂ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਚੋਣ ਨਾ ਲੜਨ ਦੀ ਸੂਚਨਾ ਦਿੱਤੀ। ਉਨ੍ਹਾਂ ਨੇ ਕਿਹਾ ‘ਮੇਰੇ ਲਈ ਟਰੰਪ ਦੇ ਖਿਲਾਫ ਚੋਣ ਜਿੱਤਣ ਦਾ ਕੋਈ ਰਸਤਾ ਨਹੀਂ ਹੈ। ਮੇਰੀ ਮੁਹਿੰਮ ਵਿਚ, ਲੋਕ ਮੈਨੂੰ ਲਗਾਤਾਰ ਕਹਿ ਰਹੇ ਹਨ ਕਿ ਜੇਕਰ ਇਹ ਟਰੰਪ ਲਈ ਨਾ ਹੁੰਦਾ, ਤਾਂ ਅਸੀਂ ਤੁਹਾਨੂੰ ਵੋਟ ਦਿੰਦੇ। ਇਹ ਸਭ ਦੇਖ ਕੇ ਮੈਂ ਪੈਸਾ ਅਤੇ ਸਮਾਂ ਬਰਬਾਦ ਨਾ ਕਰਨ ਦਾ ਫੈਸਲਾ ਕੀਤਾ ਹੈ।’