#AMERICA

ਅਮਰੀਕੀ ਰਾਸ਼ਟਰਪਤੀ ਚੋਣਾਂ : ਚੋਟੀ ਦੇ ਅਹੁਦਿਆਂ ‘ਤੇ 150 ਭਾਰਤੀਆਂ ਦੀ ਨਿਯੁਕਤੀ ਯਕੀਨੀ

-ਹੈਰਿਸ ਪ੍ਰਸ਼ਾਸਨ ‘ਚ ਮੰਤਰੀ ਮੰਡਲ ‘ਚ ਭਾਰਤੀ ਮੂਲ ਦੇ 5 ਨੇਤਾ ਸਭ ਤੋਂ ਅੱਗੇ
– ਟਰੰਪ ਪ੍ਰਸ਼ਾਸਨ ‘ਚ ਨਿੱਕੀ ਹੇਲੀ, ਰਾਮਾਸਵਾਮੀ ਦੀ ਥਾਂ ਤੈਅ
ਨਿਊਯਾਰਕ, 5 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ ਇਸ ਹਫ਼ਤੇ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਭਾਰਤੀ-ਅਮਰੀਕੀ ਪ੍ਰਵਾਸੀ ਲੋਕ ਇਨ੍ਹਾਂ ਚੋਣਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ, ਕਿਉਂਕਿ ਜੇਕਰ ਡੈਮੋਕ੍ਰੇਟਿਕ ਉਮੀਦਵਾਰ ਅਤੇ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਜਿੱਤ ਜਾਂਦੇ ਹਨ, ਤਾਂ ਉਹ ਅਮਰੀਕਾ ‘ਚ ਪਹਿਲੀ ਭਾਰਤੀ ਮੂਲ ਦੀ ਰਾਸ਼ਟਰਪਤੀ ਹੋਵੇਗੀ। ਇਸ ਦੇ ਨਾਲ ਹੀ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੇ ਭਾਰਤੀ-ਅਮਰੀਕੀ ਸਮਰਥਕ ਵੀ ਉਤਸ਼ਾਹਿਤ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਵਿਚ ਭਾਰਤੀਆਂ ਨੂੰ ਸਭ ਤੋਂ ਵੱਧ ਪ੍ਰਤੀਨਿਧਤਾ ਮਿਲੇਗੀ। ਟਰੰਪ ਦੇ ਆਖਰੀ ਕਾਰਜਕਾਲ ਦੌਰਾਨ ਪ੍ਰਸ਼ਾਸਨ ਵਿਚ ਸੀਨੀਅਰ ਅਹੁਦਿਆਂ ‘ਤੇ 80 ਤੋਂ ਵੱਧ ਭਾਰਤੀ-ਅਮਰੀਕੀਆਂ ਨੂੰ ਨਿਯੁਕਤ ਕੀਤਾ ਗਿਆ ਸੀ। ਟਰੰਪ ਦੇ ਮੁਹਿੰਮ ਪ੍ਰਬੰਧਕ ਦਾ ਕਹਿਣਾ ਹੈ ਕਿ ਜੇਕਰ ਟਰੰਪ ਰਾਸ਼ਟਰਪਤੀ ਬਣਦੇ ਹਨ, ਤਾਂ ਅਜਿਹਾ ਉਨ੍ਹਾਂ ਦੇ ਦੂਜੇ ਕਾਰਜਕਾਲ ਵਿਚ ਇਹ ਗਿਣਤੀ 150 ਤੋਂ ਵੱਧ ਹੋ ਸਕਦੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਕਮਲਾ ਹੈਰਿਸ ਅਤੇ ਟਰੰਪ ਦੀ ਪ੍ਰਚਾਰ ਟੀਮ ਮੁਤਾਬਕ ਰਾਸ਼ਟਰਪਤੀ ਅਹੁਦੇ ਦੇ ਦੋਵਾਂ ਉਮੀਦਵਾਰਾਂ ਨੇ ਆਪਣੀ ਸ਼ੈਡੋ ਕੈਬਨਿਟ ਦੀ ਰੂਪ-ਰੇਖਾ ਤਿਆਰ ਕਰ ਲਈ ਹੈ। ਜਿਸ ਵਿਚ ਭਾਰਤੀ-ਅਮਰੀਕੀਆਂ ਦੇ ਹਾਵੀ ਹੋਣ ਦੀ ਉਮੀਦ ਹੈ। ਕਮਲਾ ਹੈਰਿਸ ਦੀ ਸ਼ੈਡੋ ਕੈਬਨਿਟ ‘ਚ ਭਾਰਤੀ ਮੂਲ ਦੇ 5 ਅਤੇ ਟਰੰਪ ਦੀ ਕੈਬਨਿਟ ‘ਚ ਵੀ 4 ਤੋਂ 5 ਭਾਰਤੀਆਂ ਨੂੰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਹੈਰਿਸ ਪ੍ਰਸ਼ਾਸਨ ‘ਚ ਮੰਤਰੀ ਮੰਡਲ ‘ਚ ਭਾਰਤੀ ਮੂਲ ਦੇ ਜਿਨ੍ਹਾਂ ਨੇਤਾਵਾਂ ਨੂੰ ਜਗ੍ਹਾ ਮਿਲਣ ਦੀ ਸੰਭਾਵਨਾ ਹੈ, ਉਨ੍ਹਾਂ ‘ਚ ਅਮਰੀਕੀ ਕਾਂਗਰਸ ਦੇ 5 ਨੇਤਾ ਸਭ ਤੋਂ ਅੱਗੇ ਹਨ। ਅਮਰੀਕੀ ਕਾਂਗਰਸ ਦੇ ਮੈਂਬਰ ਡਾ. ਅਮੀ ਬੇਰਾ, ਰੋ ਖੰਨਾ, ਰਾਜਾ ਕ੍ਰਿਸ਼ਨਮੂਰਤੀ, ਸ਼੍ਰੀ ਥਾਣੇਦਾਰ ਅਤੇ ਪ੍ਰਮਿਲਾ ਜੈਪਾਲ ਦੇ ਨਾਂ ਸਭ ਤੋਂ ਅੱਗੇ ਹਨ। ਡੈਮੋਕ੍ਰੇਟਿਕ ਪਾਰਟੀ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਬਾਇਡਨ-ਕਮਲਾ ਹੈਰਿਸ ਪ੍ਰਸ਼ਾਸਨ ਵਿਚ ਸੀਨੀਅਰ ਭੂਮਿਕਾਵਾਂ ਲਈ ਨਾਮਜ਼ਦ ਕੀਤੇ ਗਏ ਭਾਰਤੀ ਅਮਰੀਕੀਆਂ ਵਿਚੋਂ ਅੱਧੇ ਤੋਂ ਵੱਧ ਔਰਤਾਂ ਹਨ ਅਤੇ ਓਬਾਮਾ ਪ੍ਰਸ਼ਾਸਨ ਦੁਆਰਾ ਨਿਯੁਕਤ ਕੀਤੇ ਗਏ ਕੁਝ ਲੋਕਾਂ ਨੂੰ ਬਰਕਰਾਰ ਰੱਖਣ ਦੀ ਉਮੀਦ ਹੈ।
ਵ੍ਹਾਈਟ ਹਾਊਸ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦੀ ਡਾਇਰੈਕਟਰ ਨੀਰਾ ਟੰਡਨ ਅਤੇ ਸਰਜਨ ਜਨਰਲ ਡਾ. ਵਿਵੇਕ ਮੂਰਤੀ, ਜਸਟਿਸ ਡਿਪਾਰਟਮੈਂਟ ਵਿਚ ਸਾਬਕਾ ਐਸੋਸੀਏਟ ਅਟਾਰਨੀ ਜਨਰਲ ਵਨੀਤਾ ਗੁਪਤਾ, ਸਿਵਲ ਡਿਫੈਂਸ ਲਈ ਸਾਬਕਾ ਅੰਡਰ ਸੈਕਟਰੀ ਉਜਰਾ ਜ਼ੇਯਾ, ਏਸ਼ੀਆਈ-ਅਮਰੀਕਨਾਂ ਬਾਰੇ ਰਾਸ਼ਟਰਪਤੀ ਸਲਾਹਕਾਰ ਕਮਿਸ਼ਨ ਦੇ ਸਾਬਕਾ ਮੈਂਬਰ ਅਜੈ ਜੈਨ ਭੁਟੋਰੀਆ, ਰਾਸ਼ਟਰੀ ਸੁਰੱਖਿਆ ਪਰਿਸ਼ਦ ਵਿਚ ਦੱਖਣੀ ਏਸ਼ੀਆ ਦੀ ਸਾਬਕਾ ਸੀਨੀਅਰ ਡਾਇਰੈਕਟਰ ਸੁਮੋਨਾ ਗੁਹਾ, ਡਾ. ਜਿਲ ਬਾਇਡਨ ਦੀ ਸਾਬਕਾ ਨੀਤੀ ਨਿਰਦੇਸ਼ਕ ਮਾਲਾ ਅਡਿਗਾ, ਜਿਲ ਦਫਤਰ ਸਾਬਕਾ ਡਿਜੀਟਲ ਡਾਇਰੈਕਟਰ ਗਰਿਮਾ ਵਰਮਾ ਦੀ ਨਿਯੁਕਤੀ ਸੰਭਵ ਹੈ।
ਵਿਵੇਕ ਰਾਮਾਸਵਾਮੀ ਅਤੇ ਨਿੱਕੀ ਹੇਲੀ ਟਰੰਪ ਕੈਬਨਿਟ ਵਿਚ ਸਭ ਤੋਂ ਅੱਗੇ ਹਨ, ਦੋਵੇਂ ਉਮੀਦਵਾਰ ਟਰੰਪ ਨਾਲ ਰਿਪਬਲਿਕਨ ਟਿਕਟ ਦੀ ਦੌੜ ਵਿਚ ਸ਼ਾਮਲ ਸਨ ਅਤੇ ਬਾਅਦ ਵਿਚ ਟਰੰਪ ਦਾ ਸਮਰਥਨ ਕਰਕੇ ਦੌੜ ਤੋਂ ਹਟ ਗਏ ਸਨ। ਦੋਵਾਂ ਨੂੰ ਮੰਤਰੀ ਮੰਡਲ ‘ਚ ਜਗ੍ਹਾ ਦੀ ਉਮੀਦ ਹੈ। ਅਮਰੀਕੀ ਸੁਰੱਖਿਆ ਪ੍ਰੀਸ਼ਦ ਦੇ ਅਧਿਕਾਰੀ ਅਤੇ ਵਕੀਲ ਕਸ਼ ਪਟੇਲ ਮੰਤਰੀ ਅਹੁਦੇ ਦੀ ਦੌੜ ਵਿਚ ਹਨ। ਰਿਪਬਲਿਕਨ ਹਿੰਦੂ ਕੁਲੀਸ਼ਨ ਦੇ ਸੰਸਥਾਪਕ ਸ਼ਲਭ ਕੁਮਾਰ ਟਰੰਪ ਲਈ ਭਾਰਤੀ ਵੋਟ ਹਾਸਲ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਟਰੰਪ ਲਈ 3485 ਕਰੋੜ ਰੁਪਏ ਦਿੱਤੇ ਹਨ। ਟਰੰਪ ਦੇ ਸਾਬਕਾ ਪ੍ਰਮੁੱਖ ਡਿਪਟੀ ਪ੍ਰੈੱਸ ਸਕੱਤਰ ਰਾਜ ਸ਼ਾਹ ਦਾ ਨਾਂ ਵੀ ਸ਼ਾਮਲ ਹੈ।
ਅਜੀਤ ਪਾਈ, ਯੂਨਾਈਟਿਡ ਸਟੇਟਸ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦੇ ਚੇਅਰਮੈਨ ਅਤੇ ਵਾਈਟ ਹਾਊਸ ਵਿਖੇ ਸੂਚਨਾ ਅਤੇ ਰੈਗੂਲੇਟਰੀ ਮਾਮਲਿਆਂ ਦੇ ਦਫ਼ਤਰ ਦੀ ਪ੍ਰਸ਼ਾਸਕ ਨਿਓਮੀ ਰਾਓ ਦਾ ਨਾਮ ਸ਼ਾਮਲ ਹੈ। ਇਸ ਤੋਂ ਇਲਾਵਾ ਜੇਕਰ ਟਰੰਪ ਸਰਕਾਰ ਬਣਦੀ ਹੈ, ਤਾਂ ਸੈਂਟਰ ਫਾਰ ਮੈਡੀਕੇਅਰ ਐਂਡ ਮੈਡੀਕੇਡ ਸਰਵਿਸਿਜ਼ ਦੀ ਸਾਬਕਾ ਪ੍ਰਸ਼ਾਸਕ ਸੀਮਾ ਵਰਮਾ, ਫੈਡਰਲ ਐਨਰਜੀ ਰੈਗੂਲੇਟਰੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੀਲ ਚੈਟਰਜੀ ਅਤੇ ਆਰਥਿਕ ਅਤੇ ਵਪਾਰਕ ਮਾਮਲਿਆਂ ਦੀ ਸਹਾਇਕ ਵਿਦੇਸ਼ ਮੰਤਰੀ ਮਨੀਸ਼ਾ ਸਿੰਘ ਅਤੇ ਬੌਧਿਕ ਸੰਪਤੀ ਐਨਫੋਰਸਮੈਂਟ ਕੋਆਰਡੀਨੇਟਰ ਵਿਸ਼ਾਲ ਅਮੀਨ ਨੂੰ ਵੀ ਨਿਯੁਕਤ ਕੀਤਾ ਜਾ ਸਕਦਾ ਹੈ।
2016 ਵਿਚ ਰਾਸ਼ਟਰਪਤੀ ਬਣਨ ਤੋਂ ਬਾਅਦ, ਟਰੰਪ ਨੇ ਅਮਰੀਕਾ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਓਬਾਮਾ ਦੁਆਰਾ ਸ਼ੁਰੂ ਕੀਤੀ ਗਈ ਪ੍ਰਸ਼ਾਸਨ ਵਿਚ ਭਾਰਤੀ ਮੂਲ ਦੇ ਭਾਰਤੀਆਂ ਨੂੰ ਨਿਯੁਕਤ ਕਰਨ ਦੀ ਪ੍ਰੰਪਰਾ ਨੂੰ ਵੀ ਜਾਰੀ ਰੱਖਿਆ। ਉਸਨੇ ਓਬਾਮਾ ਤੋਂ ਵੱਧ 130 ਭਾਰਤੀ ਅਹੁਦਿਆਂ ਨੂੰ  ਨਾਮਜ਼ਦ ਕੀਤਾ। ਹੁਣ ਟਰੰਪ ਦੀ ਪ੍ਰਚਾਰ ਟੀਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਜਿੱਤ ਜਾਂਦੇ ਹਨ, ਤਾਂ 150 ਤੋਂ ਵੱਧ ਭਾਰਤੀਆਂ ਦੀ ਨਿਯੁਕਤੀ ਸੰਭਵ ਹੈ।
ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ‘ਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ 8 ਸਾਲ ਦੇ ਕਾਰਜਕਾਲ ਦੌਰਾਨ 60 ਤੋਂ ਵੱਧ ਭਾਰਤੀ ਮੂਲ ਲੋਕਾਂ ਦੀ ਨਿਯੁਕਤੀ ਕੀਤੀ ਸੀ। ਇਸ ਤੋਂ ਬਾਅਦ ਡੈਮੇਕ੍ਰੇਟਿਕ ਸਰਕਾਰਾਂ ਦੌਰਾਨ ਉੱਚ ਅਹੁਦਿਆਂ ‘ਤੇ ਭਾਰਤੀ ਮੂਲ ਦੇ ਲੋਕਾਂ ਦੀ ਨਿਯੁਕਤੀ ਹੁੰਦੀ ਰਹੀ ਹੈ। ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੇ 130 ਲੋਕਾਂ ਨੂੰ ਉੱਚ ਅਹੁਦਿਆਂ ‘ਤੇ ਨਾਮਜ਼ਦ ਕੀਤਾ ਸੀ।