– ਟਰੰਪ 47 ਫੀਸਦੀ ਲੋਕਾਂ ਦੀ ਪਹਿਲੀ ਪਸੰਦ ਬਣ ਕੇ ਸਾਹਮਣੇ ਆਏ
– ਲਗਾਤਾਰ ਵਧ ਰਹੀ ਟਰੰਪ ਦੀ ਲੋਕਪ੍ਰਿਅਤਾ
ਵਾਸ਼ਿੰਗਟਨ, 11 ਦਸੰਬਰ (ਪੰਜਾਬ ਮੇਲ)- ਸਾਲ 2024 ਵਿਚ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਡੋਨਾਲਡ ਟਰੰਪ ਨੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨੂੰ ਪਿੱਛੇ ਛੱਡ ਦਿੱਤਾ ਹੈ। ਅਸਲ ‘ਚ ਰਾਸ਼ਟਰੀ ਸਰਵੇਖਣ ‘ਚ ਡੋਨਾਲਡ ਟਰੰਪ 47 ਫੀਸਦੀ ਲੋਕਾਂ ਦੀ ਪਹਿਲੀ ਪਸੰਦ ਬਣ ਕੇ ਸਾਹਮਣੇ ਆਏ ਹਨ। ਜਦੋਂਕਿ 43 ਫੀਸਦੀ ਲੋਕਾਂ ਨੇ ਜੋਅ ਬਾਇਡਨ ਨੂੰ ਆਪਣੀ ਪਸੰਦ ਦੱਸਿਆ। ਇਸ ਤਰ੍ਹਾਂ ਟਰੰਪ ਨੇ ਬਾਇਡਨ ‘ਤੇ ਚਾਰ ਫੀਸਦੀ ਦੀ ਲੀਡ ਲੈ ਲਈ ਹੈ। ਸਰਵੇਖਣ ਵਿਚ ਇਹ ਪਹਿਲੀ ਵਾਰ ਹੈ, ਜਦੋਂ ਟਰੰਪ ਨੇ ਬਾਇਡਨ ‘ਤੇ ਬੜਤ ਹਾਸਲ ਕਰ ਲਈ ਹੈ।
ਦਰਅਸਲ ਵਾਲ ਸਟਰੀਟ ਜਰਨਲ ਨੇ ਇਹ ਸਰਵੇ ਕੀਤਾ ਹੈ। ਸਰਵੇਖਣ ਵਿਚ ਧਿਆਨ ਦੇਣ ਯੋਗ ਇੱਕ ਹੋਰ ਗੱਲ ਇਹ ਹੈ ਕਿ ਬਾਇਡਨ ਦੀ ਪ੍ਰਵਾਨਗੀ ਰੇਟਿੰਗ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਅਜਿਹਾ ਜਾਪਦਾ ਹੈ ਕਿ ਅਗਲੇ ਕਾਰਜਕਾਲ ਲਈ ਉਮੀਦਵਾਰ ਬਣਨ ਦੀਆਂ ਬਾਇਡਨ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗ ਸਕਦਾ ਹੈ। ਇੱਥੋਂ ਤੱਕ ਕਿ ਡੈਮੋਕਰੇਟਿਕ ਪਾਰਟੀ ਵਿਚ ਬਾਇਡਨ ਨੂੰ ਦੂਜਾ ਕਾਰਜਕਾਲ ਦੇਣ ਨੂੰ ਲੈ ਕੇ ਮਤਭੇਦ ਉੱਭਰ ਰਹੇ ਹਨ। ਹਾਲਾਂਕਿ ਬਾਇਡਨ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਹੋਣ ਵਾਲੀਆਂ ਚੋਣਾਂ ‘ਚ ਵੀ ਆਪਣੀ ਉਮੀਦਵਾਰੀ ਪੇਸ਼ ਕਰਨਗੇ। ਸਭ ਤੋਂ ਵੱਡੀ ਚਿੰਤਾ ਬਾਇਡਨ ਦੀ ਉਮਰ ਨੂੰ ਲੈ ਕੇ ਸਾਹਮਣੇ ਆਈ ਹੈ ਕਿਉਂਕਿ ਜਦੋਂ ਅਗਲੇ ਸਾਲ ਚੋਣਾਂ ਹੋਣਗੀਆਂ, ਤਾਂ ਬਾਇਡਨ ਦੀ ਉਮਰ 81 ਸਾਲ ਹੋਵੇਗੀ ਅਤੇ ਅਗਲੇ ਕਾਰਜਕਾਲ ਦੇ ਅੰਤ ‘ਤੇ ਉਹ 86 ਸਾਲ ਦੇ ਹੋ ਜਾਣਗੇ। ਇਸ ਤੋਂ ਇਲਾਵਾ ਬਾਇਡਨ ਦੇ ਬੇਟੇ ਹੰਟਰ ਬਾਡੇਨ ‘ਤੇ ਟੈਕਸ ਮਾਮਲਿਆਂ ‘ਚ ਵੀ ਦੋਸ਼ ਲੱਗੇ ਹਨ, ਇਸ ਨਾਲ ਵੀ ਜੋਅ ਬਾਇਡਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।
ਡੋਨਾਲਡ ਟਰੰਪ ਕਈ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਲੋਕਪ੍ਰਿਅਤਾ ਵਧ ਰਹੀ ਹੈ। ਡੋਨਾਲਡ ਟਰੰਪ ਆਪਣੀ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਤੋਂ ਕਾਫੀ ਅੱਗੇ ਹਨ। ਸ਼ਾਇਦ ਬਾਇਡਨ ਵੀ ਇਸ ਗੱਲ ਨੂੰ ਮਹਿਸੂਸ ਕਰ ਰਹੇ ਹਨ, ਇਸੇ ਲਈ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਵਿਚ ਇੱਕ ਫੰਡ ਰੇਜ਼ਿੰਗ ਸਮਾਗਮ ਵਿਚ ਬਾਇਡਨ ਨੇ ਟਰੰਪ ‘ਤੇ ਸਿੱਧਾ ਹਮਲਾ ਕੀਤਾ ਅਤੇ ਟਰੰਪ ਸਮਰਥਕਾਂ ਵੱਲੋਂ ਯੂ.ਐੱਸ. ਕੈਪੀਟਲ ‘ਤੇ ਹਮਲੇ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਟਰੰਪ ਦੇ ਉਸ ਬਿਆਨ ਦੀ ਵੀ ਆਲੋਚਨਾ ਕੀਤੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਸਿਰਫ਼ ਇੱਕ ਦਿਨ ਲਈ ਤਾਨਾਸ਼ਾਹ ਬਣ ਜਾਣਗੇ।