#AMERICA

ਅਮਰੀਕੀ ਯੂਨੀਵਰਸਿਟੀ ‘ਚ ਮਾਸਟਰ ਡਿਗਰੀ ਕਰ ਰਿਹਾ ਭਾਰਤੀ ਵਿਦਿਆਰਥੀ ਹੋਇਆ ਲਾਪਤਾ

-ਪੁਲਿਸ ਨੇ ਆਮ ਲੋਕਾਂ ਨੂੰ ਮਦਦ ਦੀ ਕੀਤੀ ਅਪੀਲ
ਸੈਕਰਾਮੈਂਟੋ, 14 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਇਲੀਨੋਇਸ ਰਾਜ ਵਿਚ ਇਕ ਭਾਰਤੀ ਵਿਦਿਆਰਥੀ ਦੇ ਲਾਪਤਾ ਹੋਣ ਦੀ ਖਬਰ ਹੈ। ਵਿਦਿਆਰਥੀ ਦਾ ਸਬੰਧ ਭਾਰਤ ਦੇ ਤੇਲੰਗਾਨਾ ਰਾਜ ਨਾਲ ਹੈ। ਸ਼ਿਕਾਗੋ ਵਿਚਲੇ ਕੌਂਸਲੇਟ ਜਨਰਲ ਨੇ ਸੋਸ਼ਲ ਮੀਡਆ ਉਪਰ ਪਾਈ ਇਕ ਪੋਸਟ ਵਿਚ ਕਿਹਾ ਹੈ ਕਿ ਉਸ ਨੂੰ ਇਹ ਜਾਣ ਕੇ ਬਹੁਤ ਚਿੰਤਾ ਹੋਈ ਹੈ ਕਿ ਰੁਪੇਸ਼ ਚੰਦਰਾ ਚਿੰਤਕਿੰਡੀ ਨਾਮੀ ਵਿਦਿਆਰਥੀ 2 ਮਈ ਤੋਂ ਲਾਪਤਾ ਹੈ ਤੇ ਉਸ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ। ਕੌਂਸਲੇਟ ਜਨਰਲ ਅਨੁਸਾਰ ਉਹ ਵਿਦਿਆਰਥੀ ਨੂੰ ਲੱਭਣ ਲਈ ਪੁਲਿਸ ਤੇ ਭਾਰਤੀ ਭਾਈਚਾਰੇ ਦੇ ਸੰਪਰਕ ਵਿਚ ਹੈ। ਸ਼ਿਕਾਗੋ ਪੁਲਿਸ ਨੇ ਜਾਰੀ ਇਕ ਬਿਆਨ ‘ਚ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਵਿਦਿਆਰਥੀ ਬਾਰੇ ਕੋਈ ਜਾਣਕਾਰੀ ਮਿਲੇ, ਤਾਂ ਉਹ ਇਹ ਜਾਣਕਾਰੀ ਪੁਲਿਸ ਨਾਲ ਸਾਂਝੀ ਕਰੇ। ਚਿੰਤਕਿੰਡੀ ਪਿਛਲੇ ਸਾਲ ਦਸੰਬਰ ਵਿਚ ਅਮਰੀਕਾ ਆਇਆ ਸੀ ਤੇ ਉਹ ਕੋਨਕੋਰਡੀਆ ਯੂਨੀਵਰਸਿਟੀ ਵਿਚ ਮਾਸਟਰ ਡਿਗਰੀ ਕਰ ਰਿਹਾ ਹੈ। ਉਹ ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਦਾ ਵਾਸੀ ਹੈ। ਪਰਿਵਾਰ ਅਨੁਸਾਰ 2 ਮਈ ਨੂੰ ਉਸ ਦੇ ਪਿਤਾ ਸਦਾਨੰਦਮ ਨੇ ਚਿੰਤਕਿੰਡੀ ਨੂੰ ਵਟਸਐਪ ਕਾਲ ਕੀਤੀ ਸੀ, ਜਿਸ ਦੌਰਾਨ ਉਸ ਨੇ ਕਿਹਾ ਸੀ ਕਿ ਉਹ ਕਿਸੇ ਕੰਮ ਵਿਚ ਰੁੱਝਿਆ ਹੋਇਆ ਹੈ। ਇਸ ਤੋਂ ਬਾਅਦ ਸਦਾਨੰਦਮ ਨੇ ਉਸ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਸ ਦਾ ਫੋਨ ਬੰਦ ਆ ਰਿਹਾ ਹੈ। ਇਸ ਦੇ ਦੋ ਦਿਨਾਂ ਬਾਅਦ ਉਨ੍ਹਾਂ ਨੇ ਚਿੰਤਕਿੰਡੀ ਦੇ ਕਮਰੇ ਵਿਚਲੇ ਸਾਥੀਆਂ ਨਾਲ ਸੰਪਰਕ ਕੀਤਾ, ਤਾਂ ਉਨਾਂ ਦੱਸਿਆ ਕਿ ਉਹ 30 ਅਪ੍ਰੈਲ ਨੂੰ ਇਹ ਕਹਿ ਕੇ ਗਿਆ ਸੀ ਕਿ ਉਹ ਟੈਕਸਾਸ ਤੋਂ ਆਏ ਕਿਸੇ ਵਿਅਕਤੀ ਨੂੰ ਮਿਲਣ ਜਾ ਰਿਹਾ ਹੈ। ਚਿੰਤਕਿੰਡੀ ਨੇ ਕਿਹਾ ਸੀ ਕਿ ਉਹ ਦੋ ਦਿਨਾਂ ਬਾਅਦ ਵਾਪਸ ਆ ਜਾਵੇਗਾ ਪਰੰਤੂ ਉਹ ਵਾਪਿਸ ਨਹੀਂ ਆਇਆ। ਇਸ ਉਪਰੰਤ ਪਰਿਵਾਰ ਵੱਲੋਂ ਬੇਨਤੀ ਕਰਨ ‘ਤੇ ਉਸ ਦੇ ਸਾਥੀਆਂ ਨੇ ਸ਼ਿਕਾਗੋ ਪੁਲਿਸ ਕੋਲ ਉਸ ਦੀ ਗੁੰਮਸ਼ੁਦਗੀ ਬਾਰੇ ਰਿਪੋਰਟ ਲਿਖਵਾਈ।