#AMERICA

ਅਮਰੀਕੀ ਪ੍ਰਸ਼ਾਸਨ ਵੱਲੋਂ ਦੂਜੇ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਮੁਅੱਤਲ ਕਰਨ ਅਤੇ ਸਮੀਖਿਆ ਦੇ ਆਦੇਸ਼

ਵਾਸ਼ਿੰਗਟਨ, 27 ਜਨਵਰੀ (ਪੰਜਾਬ ਮੇਲ)- ਅਮਰੀਕਾ ਨੇ ਦੂਜੇ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਸਹਾਇਤਾ ਨੂੰ ਮੁਅੱਤਲ ਕਰਨ ਅਤੇ ਉਸ ਦੀ ਸਮੀਖਿਆ ਕਰਨ ਦਾ ਹੁਕਮ ਦਿੱਤਾ ਹੈ, ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਇਹ ਸਹਾਇਤਾ ‘ਅਮਰੀਕਾ ਫਸਟ’ ਏਜੰਡੇ ਦੇ ਤਹਿਤ ਉਸਦੀ ਵਿਦੇਸ਼ ਨੀਤੀ ਦੇ ਅਨੁਸਾਰ ਹੈ ਜਾਂ ਨਹੀਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਬੰਧ ਵਿਚ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ।
ਅਮਰੀਕੀ ਵਿਦੇਸ਼ ਵਿਭਾਗ ਦੀ ਬੁਲਾਰਨ ਟੈਮੀ ਬਰੂਸ ਨੇ ਕਿਹਾ, ”ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਅਮਰੀਕੀ ਲੋਕਾਂ ਨੂੰ ਮਦਦ ਦੇ ਬਦਲੇ ਕੋਈ ਲਾਭ ਨਹੀਂ ਮਿਲ ਰਿਹਾ ਹੈ, ਤਾਂ ਅਮਰੀਕਾ ਅੰਨ੍ਹੇਵਾਹ ਪੈਸਾ ਨਹੀਂ ਦੇਵੇਗਾ। ਮਿਹਨਤੀ ਟੈਕਸਦਾਤਾਵਾਂ ਦੀ ਖ਼ਾਤਰ, ਵਿਦੇਸ਼ੀ ਸਹਾਇਤਾ ਦੀ ਸਮੀਖਿਆ ਕਰਨਾ ਅਤੇ ਉਸ ਦਾ ਪੁਨਰ-ਮੁਲਾਂਕਣ ਨਾ ਸਿਰਫ਼ ਉਚਿਤ ਹੈ, ਸਗੋਂ ਇਹ ਨੈਤਿਕ ਤੌਰ ‘ਤੇ ਵੀ ਜ਼ਰੂਰੀ ਹੈ।”
ਉਨ੍ਹਾਂ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵਿਦੇਸ਼ ਵਿਭਾਗ ਅਤੇ ਅਮਰੀਕੀ ਅੰਤਰਰਾਸ਼ਟਰੀ ਵਿਕਾਸ ਏਜੰਸੀ (ਯੂ.ਐੱਸ.ਏ.ਆਈ.ਡੀ.) ਦੁਆਰਾ ਫੰਡ ਕੀਤੀ ਜਾਣ ਵਾਲੀ ਸਾਰੀ ਅਮਰੀਕੀ ਵਿਦੇਸ਼ੀ ਸਹਾਇਤਾ ਰੋਕ ਦਿੱਤੀ ਹੈ, ਤਾਂ ਕਿ ਉਸ ਦੀ ਸਮੀਖਿਆ ਕੀਤੀ ਜਾ ਸਕੇ। ਬਰੂਸ ਨੇ ਕਿਹਾ, ”ਉਹ ਸਾਰੇ ਵਿਦੇਸ਼ੀ ਸਹਾਇਤਾ ਪ੍ਰੋਗਰਾਮਾਂ ਦੀ ਸਮੀਖਿਆ ਸ਼ੁਰੂ ਕਰ ਰਹੇ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਮਦਦ ‘ਅਮਰੀਕਾ ਫਸਟ ਏਜੰਡੇ’ ਦੇ ਤਹਿਤ ਅਮਰੀਕੀ ਵਿਦੇਸ਼ ਨੀਤੀ ਦੇ ਅਨੁਕੂਲ ਹੈ ਜਾਂ ਨਹੀਂ।”
ਯੂ.ਐੱਸ.ਏ.ਆਈ.ਡੀ. ਨੇ 2023 ਵਿਚ 158 ਦੇਸ਼ਾਂ ਨੂੰ ਲਗਭਗ 45 ਅਰਬ ਅਮਰੀਕੀ ਡਾਲਰ ਦੀ ਵਿਦੇਸ਼ੀ ਸਹਾਇਤਾ ਵੰਡੀ ਸੀ। ਇਸ ਵਿਚ ਬੰਗਲਾਦੇਸ਼ ਨੂੰ 40 ਕਰੋੜ ਅਮਰੀਕੀ ਡਾਲਰ, ਪਾਕਿਸਤਾਨ ਨੂੰ 23 ਕਰੋੜ 10 ਲੱਖ ਅਮਰੀਕੀ ਡਾਲਰ, ਅਫਗਾਨਿਸਤਾਨ ਨੂੰ 1 ਅਰਬ ਅਮਰੀਕੀ ਡਾਲਰ, ਭਾਰਤ ਨੂੰ 17 ਕਰੋੜ 50 ਲੱਖ ਅਮਰੀਕੀ ਡਾਲਰ, ਨੇਪਾਲ ਨੂੰ 11 ਕਰੋੜ 80 ਲੱਖ ਅਮਰੀਕੀ ਡਾਲਰ ਅਤੇ ਸ਼੍ਰੀਲੰਕਾ ਨੂੰ 12 ਕਰੋੜ 30 ਲੱਖ ਅਮਰੀਕੀ ਡਾਲਰ ਦੀ ਮਦਦ ਸ਼ਾਮਲ ਹੈ।