#AMERICA

ਅਮਰੀਕੀ ਪ੍ਰਤੀਨਿੱਧ ਸਦਨ ਵੱਲੋਂ ਰਾਸ਼ਟਰਪਤੀ ਵਿਰੁੱਧ ਮਹਾਦੋਸ਼ ਜਾਂਚ ਲਈ ਮਤਾ ਪਾਸ

* ਬਾਈਡਨ ਨੇ ਕਿਹਾ ਇਹ ਵਿਰੋਧੀਆਂ ਦਾ ਨਿਰਆਧਾਰ ਤਮਾਸ਼ਾ
ਸੈਕਰਾਮੈਂਟੋ, ਕੈਲੀਫੋਰਨੀਆ, 15 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਿਪਬਲੀਕਨ ਪਾਰਟੀ ਦੇ ਬਹੁਮਤ ਵਾਲੇ ਪ੍ਰਤੀਨਿੱਧ ਸਦਨ ਨੇ ਰਾਸ਼ਟਰਪਤੀ ਜੋ ਬਾਈਡਨ ਵਿਰੁੱਧ ਭ੍ਰਿਸ਼ਟਾਚਾਰ ਨੂੰ ਲੈ ਕੇ ਰਸਮੀ ਮਹਾਦੋਸ਼ ਜਾਂਚ ਕਰਨ ਦੇ ਹੱਕ ਵਿਚ ਮਤਾ ਪਾਸ ਕੀਤਾ ਹੈ। ਮਤੇ ਦੇ ਹੱਕ ਵਿਚ 221 ਤੇ ਵਿਰੁੱਧ 212 ਵੋਟਾਂ ਪਈਆਂ। ਹਰ ਇਕ ਰਿਪਬਲੀਕਨ ਮੈਂਬਰ ਨੇ ਮਤੇ ਦੇ ਹੱਕ ਵਿਚ ਹਰ ਇਕ ਸੱਤਾਧਾਰੀ ਡੈਮੋਕਰੈਟਿਕ ਪਾਰਟੀ ਦੇ ਮੈਂਬਰ ਨੇ ਵਿਰੋਧ ਵਿਚ ਵੋਟ ਪਾਈ। ਇਹ ਜਾਂਚ ਰਾਸ਼ਟਰਪਤੀ ਦੇ ਪੁੱਤਰ ਹੰਟਰ ਬਾਇਡਨ ਦੇ ਵਿਵਾਦਤ ਕੌਮਾਂਤਰੀ ਲੈਣ ਦੇਣ ਨਾਲ ਸਬੰਧਤ ਹੈ ਜਿਸ ਦਾ ਫਾਇਦਾ ਕਥਿੱਤ ਤੌਰ ‘ਤੇ ਖੁਦ ਬਾਈਡਨ ਨੂੰ ਵੀ ਹੋਇਆ ਹੈ। ਰਾਸ਼ਟਰਪਤੀ ਨੇ ਇਸ ਉਪਰ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਹ ਵਿਰੋਧੀਆਂ ਦਾ ਨਿਰਆਧਾਰ ”ਸਟੰਟ” ਹੈ। ਹਾਲਾਂ ਕਿ ਰਿਪਬਲੀਕਨਾਂ ਨੇ ਅਜੇ ਰਾਸ਼ਟਰਪਤੀ ਵਿਰੁੱਧ ਭ੍ਰਿਸ਼ਟਾਚਾਰ ਦੇ ਕੋਈ ਸਬੂਤ ਪੇਸ਼ ਨਹੀਂ ਕੀਤੇ ਤੇ ਨਾ ਹੀ ਉਹ ਇਹ ਸਾਬਤ ਕਰ ਸਕੇ ਹਨ ਕਿ ਰਾਸ਼ਟਰਪਤੀ ਦਾ ਆਪਣੇ ਪੁੱਤਰ ਦੇ ਕਾਰੋਬਾਰ ਜਾਂ ਲੈਣ ਦੇਣ ਨਾਲ ਕੋਈ ਸਬੰਧ ਹੈ ਪਰੰਤੂ ਫਿਰ ਵੀ ਰਿਪਬਲੀਕਨ ਅਗਲੇ ਸਾਲ ਹੋ ਰਹੀਆਂ ਚੋਣਾਂ ਵਿੱਚ ਇਸ ਮਾਮਲੇ ਨੂੰ ਵੱਡਾ ਮੁੱਦਾ ਬਣਾਉਣ ਦੀ ਫਿਰਾਕ ਵਿਚ ਹਨ। ਰਿਪਬਲੀਕਨਾਂ ਦੀ ਇਹ ਵੀ ਕੋਸ਼ਿਸ਼ ਹੈ ਕਿ ਸੰਘੀ ਅਪਰਾਧਕ ਮੁਕੱਦਮੇ ਤੋਂ ਧਿਆਨ ਹਟਾਇਆ ਜਾਵੇ ਜਿਸ ਦਾ ਸਾਹਮਣਾ ਤਕਰੀਬਨ ਯਕੀਨਨ ਵਿਰੋਧੀ ਉਮੀਦਵਾਰ ਡੋਨਲਡ ਟਰੰਪ ਕਰ ਰਹੇ ਹਨ। ਉਂਝ ਵੀ ਜੇਕਰ ਜਾਂਚ ਮਹਾਦੋਸ਼ ਚਲਾਉਣ ਤੱਕ ਪੁੱਜ ਵੀ ਜਾਂਦੀ ਹੈ ਤਾਂ ਡੈਮੋਕਰੈਟਿਕ ਦੀ ਬਹੁਮਤ ਵਾਲੇ ਸਦਨ ਸੈਨਟ ਵੱਲੋਂ ਰਾਸ਼ਟਰਪਤੀ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਮਤਾ ਪਾਸ ਹੋਣ ਤੋਂ ਬਾਅਦ ਬਾਈਡਨ ਨੇ ਕਿਹਾ ਕਿ ਵਿਰੋਧੀ ਅਗਲੇ ਸਾਲ ਚੋਣਾਂ ਵਿਚ ਨਿਰਆਧਾਰ ਮੁੱਦਿਆਂ ਨੂੰ ਉਠਾਉਣ ਦੇ ਯਤਨ ਵਿਚ ਹਨ । ਉਨਾਂ ਕਿਹਾ ਕਿ ਅਮਰੀਕੀ ਲੋਕਾਂ ਦਾ ਜੀਵਨ ਪੱਧਰ ਉੁੱਚਾ ਚੁੱਕਣ ਲਈ ਕੁਝ ਕਰਨ ਦੀ ਬਜਾਏ ਉਹ ਝੂਠ ਦਾ ਸਹਾਰਾ ਲੈ ਕੇ ਮੇਰੇ ਉਪਰ ਹਮਲੇ ਕਰ ਰਹੇ ਹਨ। ਬਾਈਡਨ ਨੇ ਕਿਹਾ ਕਿ ਉਹ ਲੋੜੀਂਦੇ ਜਰੂਰੀ ਕੰਮ ਕਰਨ ਦੀ ਬਜਾਏ ਨਿਰਆਧਾਰ ਰਾਜਸੀ ਤਮਾਸ਼ਾ ਕਰਕੇ ਆਪਣਾ ਸਮਾਂ ਵਿਅਰਥ ਗਵਾ ਰਹੇ ਹਨ।